ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਨ ਵਾਲੇ ਗ੍ਰਿਫ਼ਤਾਰ, ਕਰੋੜਾਂ ਦਾ ਮਾਲ ਬਰਾਮਦ

Monday, Aug 12, 2024 - 10:25 AM (IST)

ਰਾਜਗੜ੍ਹ (ਵਾਰਤਾ)- ਮੱਧ ਪ੍ਰਦੇਸ਼ ਦੀ ਰਾਜਗੜ੍ਹ ਪੁਲਸ ਨੇ ਜੈਪੁਰ ਦੇ ਇਕ ਹੋਟਲ 'ਚ ਹੋ ਰਹੇ ਵਿਆਹ ਸਮਾਗਮ ਤੋਂ ਗਹਿਣੇ ਅਤੇ ਨਕਦੀ ਨਾਲ ਭਰਿਆ ਬੈਗ ਚੋਰੀ ਕਰਨ ਵਾਲੇ ਇਕ ਗਿਰੋਹ ਦੇ ਮੈਂਬਰਾਂ ਨੂੰ ਰਾਜਗੜ੍ਹ ਤੋਂ ਕਾਬੂ ਕੀਤਾ ਹੈ। ਰਾਜਗੜ੍ਹ ਪੁਲਸ ਨੇ ਘਟਨਾ ਦੇ 48 ਘੰਟਿਆਂ ਦੇ ਅੰਦਰ ਹੀ ਇਕ ਨਾਬਾਲਗ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ 1 ਕਰੋੜ 45 ਲੱਖ ਰੁਪਏ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਸਥਾਨ ਪੁਲਸ ਨੇ ਮੱਧ ਪ੍ਰਦੇਸ਼ ਪੁਲਸ ਦਾ ਧੰਨਵਾਦ ਕੀਤਾ ਹੈ। ਜੈਪੁਰ ਪੁਲਸ ਦੇ ਕਮਿਸ਼ਨਰ ਨੇ ਮੱਧ ਪ੍ਰਦੇਸ਼ ਦੇ ਏਡੀਜੀ (ਇੰਟੈਲੀਜੈਂਸ) ਜੈਦੀਪ ਪ੍ਰਸਾਦ ਨੂੰ ਵਧਾਈ ਦਿੱਤੀ ਹੈ। ਅਧਿਕਾਰਤ ਜਾਣਕਾਰੀ ਮੁਤਾਬਕ 8 ਅਗਸਤ 2024 ਨੂੰ ਸਿਕੰਦਰਾਬਾਦ ਦੇ ਕਾਰੋਬਾਰੀ ਨਰੇਸ਼ ਗੁਪਤਾ ਨੇ ਆਪਣੇ ਬੇਟੇ ਦੇ ਵਿਆਹ ਲਈ ਜੈਪੁਰ 'ਚ ਹੋਟਲ ਬੁੱਕ ਕਰਵਾਇਆ ਸੀ।

ਆਸ਼ੀਰਵਾਦ ਸਮਾਗਮ ਦੌਰਾਨ ਇਕ ਨਾਬਾਲਗ ਨੇ ਆਪਣੇ ਸਾਥੀ ਨਾਲ ਮਿਲ ਕੇ ਗਹਿਣਿਆਂ ਅਤੇ ਨਕਦੀ ਨਾਲ ਭਰਿਆ ਬੈਗ ਚੋਰੀ ਕਰ ਲਿਆ ਅਤੇ ਫਰਾਰ ਹੋ ਗਿਆ। ਬੈਗ ਨਾ ਮਿਲਣ 'ਤੇ ਨਰੇਸ਼ ਗੁਪਤਾ ਨੇ ਮਾਮਲੇ ਦੀ ਸੂਚਨਾ ਜੈਪੁਰ ਪੁਲਸ ਨੂੰ ਦਿੱਤੀ। ਰਿਪੋਰਟ ਤੋਂ ਬਾਅਦ ਜੈਪੁਰ ਪੁਲਸ ਨੇ ਹੋਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਵਿਚ ਇਕ ਨਾਬਾਲਗ ਅਤੇ ਇਕ ਸ਼ੱਕੀ ਨਜ਼ਰ ਆਇਆ। ਜੈਪੁਰ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਗੁਆਂਢੀ ਰਾਜਾਂ ਦੀ ਪੁਲਸ ਨੂੰ ਵੀ ਅਲਰਟ ਭੇਜਿਆ ਹੈ। ਜੈਪੁਰ ਪੁਲਸ ਨੂੰ ਮੁਲਜ਼ਮਾਂ ਦੇ ਮੱਧ ਪ੍ਰਦੇਸ਼ 'ਚ ਹੋਣ ਦੀ ਸੂਚਨਾ ਮਿਲੀ, ਜਿਸ ’ਤੇ ਮੱਧ ਪ੍ਰਦੇਸ਼ ਪੁਲਸ ਸਰਗਰਮ ਹੋ ਗਈ। ਰਾਜਗੜ੍ਹ ਦੇ ਐੱਸਪੀ ਆਦਿਤਿਆ ਮਿਸ਼ਰਾ ਨੇ 7 ਟੀਮਾਂ ਬਣਾਈਆਂ। ਪੁਲਸ ਨੂੰ ਨਾਬਾਲਗ ਮੁਲਜ਼ਮ ਦੇ ਕਾਂਵੜ ਯਾਤਰਾ 'ਚ ਸ਼ਾਮਲ ਹੋਣ ਦੀ ਸੂਚਨਾ ਮਿਲੀ। ਪੁਲਸ ਨੇ ਮੁਲਜ਼ਮ ਦੀ ਪਛਾਣ ਕਰ ਕੇ ਨਾਬਾਲਗ ਨੂੰ ਕਾਬੂ ਕਰ ਲਿਆ। ਉਸ ਦੀ ਸੂਚਨਾ ’ਤੇ ਪੁਲਸ ਨੇ 2 ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਕਾੜਿਆ ਗੈਂਗ ਨਾਲ ਸਬੰਧਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News