ਜਨਾਨੀ ਨੇ ਕੀਤਾ PM ਆਵਾਸ ਯੋਜਨਾ ਦਾ ਖੁਲਾਸਾ, 'ਇਸ਼ਤਿਹਾਰ 'ਚ ਮਿਲਿਆ ਘਰ, ਹਕੀਕਤ 'ਚ ਨਹੀਂ'

Monday, Mar 22, 2021 - 09:15 PM (IST)

ਜਨਾਨੀ ਨੇ ਕੀਤਾ PM ਆਵਾਸ ਯੋਜਨਾ ਦਾ ਖੁਲਾਸਾ, 'ਇਸ਼ਤਿਹਾਰ 'ਚ ਮਿਲਿਆ ਘਰ, ਹਕੀਕਤ 'ਚ ਨਹੀਂ'

ਕੋਲਕਾਤਾ - ਪੱਛਮੀ ਬੰਗਾਲ ਦੇ ਕੋਲਕਾਤਾ ਦੇ ਬਹੂ ਬਾਜ਼ਾਰ ਇਲਾਕੇ ਦੀ ਰਹਿਣ ਵਾਲੀ ਲਕਸ਼ਮੀ ਦੇਵੀ  ਦੀ ਫੋਟੋ ਅਚਾਨਕ ਅਖ਼ਬਾਰ ਵਿੱਚ ਛਪਦੀ ਹੈ। ਲੋਕਾਂ ਨੇ ਜਦੋਂ ਲਕਸ਼ਮੀ ਦੇਵੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਤਾਂ ਉਹ ਘਬਰਾ ਗਈ। ਉਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ, ਕਿ ਇਹ ਤਸਵੀਰ ਕਿਸ ਨੇ ਅਤੇ ਕਦੋਂ ਲਈ। ਇਸ ਤਸਵੀਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਕਸ਼ਮੀ ਦੇਵੀ ਨੂੰ ਪੀ.ਐੱਮ. ਆਵਾਸ ਯੋਜਨਾ ਦੇ ਤਹਿਤ ਘਰ ਮਿਲਿਆ ਹੈ।

ਲਕਸ਼ਮੀ ਦੇਵੀ ਦੀ ਇਹ ਤਸਵੀਰ 25 ਫਰਵਰੀ ਨੂੰ ਲੱਗਭੱਗ ਸਾਰੇ ਅਖ਼ਬਾਰਾਂ ਵਿੱਚ ਛਪੀ। ਦਰਅਸਲ ਉਸ ਦੀ ਇਹ ਤਸਵੀਰ ਪੀ.ਐੱਮ. ਆਵਾਸ ਯੋਜਨਾ ਦੇ ਤਹਿਤ ਮਿਲਣ ਵਾਲੇ ਘਰ ਦੇ ਲਾਭਪਾਤਰੀਆਂ ਨੂੰ ਲੈ ਕੇ ਦਿੱਤੇ ਗਏ ਇਸ਼ਤਿਹਾਰ ਦੀ ਸੀ। ਇਸ ਇਸ਼ਤਿਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਵੱਡੀ ਫੋਟੋ ਲੱਗੀ ਹੋਈ ਸੀ। ਨਾਲ ਹੀ ਲਕਸ਼ਮੀ ਦੇਵੀ ਦੇ ਹਵਾਲੇ ਤੋਂ ਲਿਖਿਆ ਗਿਆ ਕਿ ਉਹ ਆਪਣਾ ਘਰ ਪਾ ਕੇ ਬੇਹੱਦ ਖੁਸ਼ ਹੈ ਪਰ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸੱਚਾਈ ਹੈਰਨ ਕਰ ਦੇਣ ਵਾਲੀ ਸਾਹਮਣੇ ਆਈ ਹੈ।

ਲਕਸ਼ਮੀ ਦੇਵੀ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਇੱਥੇ ਇ​ਕ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦੇ ਪਰਿਵਾਰ ਵਿੱਚ ਛੇ ਮੈਂਬਰ ਹਨ। 500 ਰੁਪਏ ਕਿਰਾਏ 'ਤੇ ਲਿਆ ਗਿਆ ਇਹ ਮਕਾਨ ਇੰਨਾ ਛੋਟਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਇਸ ਵਿੱਚ ਸਹੀਂ ਢੰਗ ਨਾਵ ਰਹਿ ਵੀ ਨਹੀਂ ਸਕਦੇ। ਉਸ ਨੇ ਦੱਸਿਆ ਕਿ ਪੀ.ਐੱਮ ਆਵਾਸ ਯੋਜਨਾ ਦੇ ਤਹਿਤ ਉਸ ਨੂੰ ਮਕਾਨ ਮਿਲਣਾ ਤਾਂ ਦੂਰ, ਉਸ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ।

ਲਕਸ਼ਮੀ ਦੇਵੀ ਨੇ ਦੱਸਿਆ ਕਿ ਉਸ ਦੀ ਇਹ ਤਸਵੀਰ ਕਦੋਂ ਲਈ ਗਈ ਅਤੇ ਕਿਸ ਨੇ ਲਈ ਇਸ ਬਾਰੇ ਵੀ ਉਸ ਨੂੰ ਕੁੱਝ ਪਤਾ ਨਹੀਂ ਹੈ। ਹਾਂ, ਇੰਨਾ ਜ਼ਰੂਰ ਦੱਸਿਆ ਕਿ ਇਹ ਤਸਵੀਰ ਬਾਬੂ ਘਾਟ ਦੀ ਹੈ, ਜਿੱਥੇ ਉਹ ਕੰਮ ਕਰ ਰਹੀ ਸੀ। ਜਦੋਂ ਉਸ ਨੂੰ ਪੁੱਛਿਆ ਕਿ ਇਸ ਬਾਰੇ ਵਿੱਚ ਕਿਸੇ ਨਾਲ ਗੱਲ ਨਹੀਂ ਕੀਤੀ ਤਾਂ ਉਸ ਨੇ ਦੱਸਿਆ ਕਿ ਅਸੀ ਪੜ੍ਹੇ ਲਿਖੇ ਨਹੀਂ ਹਾਂ। ਅਖ਼ਬਾਰ ਵਿੱਚ ਫੋਟੋ ਆਉਣ ਨਾਲ ਹੀ ਡਰ ਗਏ ਸੀ, ਇਸ ਲਈ ਕਿਸੇ ਨਾਲ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਲਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News