ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ATM, ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
Tuesday, Oct 11, 2022 - 03:44 PM (IST)
ਨੈਸ਼ਨਲ ਡੈਸਕ- ਅੱਜ ਦੇ ਡਿਜੀਟਲ ਯੁੱਗ ’ਚ ਹਰ ਕੁਝ ਆਸਾਨ ਹੋ ਗਿਆ ਹੈ। ਪੈਸਾ ਮਨੁੱਖੀ ਦੀ ਸਭ ਤੋਂ ਵੱਡੀ ਲੋੜ ਹੈ। ਇਸ ਲਈ ਤਕਨਾਲੋਜੀ ਨੇ ਮਨੁੱਖ ਦੀ ਹਰ ਜ਼ਰੂਰਤ ਨੂੰ ਆਸਾਨ ਬਣਾ ਦਿੱਤਾ ਹੈ। ਜੇਕਰ ਅਸੀਂ ਗੱਲ ATM ਦੀ ਕਰੀਏ ਤਾਂ ਨਕਦੀ ਕੱਢਵਾਉਣ ਲਈ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਕੁਝ-ਕੁਝ ਵਕਫ਼ੇ ’ਤੇ ਹੀ ATM ਮਿਲ ਜਾਣਗੇ ਪਰ ਇਕ ATM ਅਜਿਹਾ ਵੀ ਹੈ, ਜੋ ਪਹਾੜ ਦੀ ਚੋਟੀ ’ਤੇ ਸਥਿਤ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਉੱਚਾ ATM ਕਿਹਾ ਜਾਂਦਾ ਹੈ।
ਇਹ ATM ਖੰਜਰਾਬ ਦਰੱਰੇ ਦੀ ਸਰਹੱਦ 'ਤੇ ਸਥਿਤ ਹੈ-
ਇਸ ATM ਤੱਕ ਪਹੁੰਚਣ ਲਈ ਬੱਦਲਾਂ ਤੋਂ ਲੰਘਣਾ ਪੈਂਦਾ ਹੈ, ਫਿਰ ਵੀ ਇਸ ਤੋਂ ਪੈਸੇ ਕੱਢਵਾਉਣ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਇਹ ATM ਮਸ਼ੀਨ ਚੀਨ ਅਤੇ ਪਾਕਿਸਤਾਨ ਵਿਚਾਲੇ ਖੰਜਰਾਬ ਦਰੱਰੇ (Khunjerab Pass) ਦੀ ਸਰਹੱਦ ’ਤੇ ਮੌਜੂਦ ਹੈ। ਪਾਕਿਸਤਾਨ ਦੇ ਬਰਫ਼ ਨਾਲ ਲੱਦੇ ਪਹਾੜਾਂ ਵਾਲੇ ਇਸ ਇਲਾਕੇ ’ਚ ਵੱਡੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ। ਇਹ ਆਮ ਤੌਰ ਇਕ ਸੈਰ-ਸਪਾਟੇ ਵਾਲੀ ਥਾਂ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਅਜਿਹੇ ’ਚ ਲੋਕਾਂ ਦੀ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ ਨੈਸ਼ਨਲ ਬੈਂਕ ਆਫ਼ ਪਾਕਿਸਤਾਨ (NBP) ਨੇ ਇੱਥੇ ATM ਲਾਉਣ ਦਾ ਫ਼ੈਸਲਾ ਕੀਤਾ ਅਤੇ ਸਾਲ 2016 ’ਚ ATM ਇੱਥੇ ਸਥਾਪਤ ਕੀਤਾ ਗਿਆ।
‘ਆਸਮਾਨ ਤੋਂ ਪੈਸੇ ਕੱਢਵਾਏ ਹਨ’
ਖ਼ਾਸ ਗੱਲ ਇਹ ਹੈ ਕਿ ਬਿਜਲੀ ਦੀ ਪਹੁੰਚ ਨਾ ਹੋਣ ਦੀ ਵਜ੍ਹਾ ਕਰ ਕੇ ਇਸ ਨੂੰ ਚਲਾਉਣ ਲਈ ਸੌਰ ਅਤੇ ਪਵਨ (ਹਵਾ) ਊਰਜਾ ਦੀ ਮਦਦ ਲਈ ਗਈ। ਕਰੀਬ 4,693 ਮੀਟਰ ਦੀ ਉੱਚਾਈ ’ਤੇ ਬਣੇ ਇਸ ATM ਦਾ ਨਾਂ ਗਿਨੀਜ਼ ਵਲਰਡ ਰਿਕਾਰਡਜ਼ ’ਚ ਹੈ। ਇਹ ATM ਮਸ਼ੀਨ ਬਾਰਡਰ ਏਰੀਆ ਦੇ ਆਲੇ-ਦੁਆਲੇ ਰਹਿਣ ਵਾਲੇ ਨਾਗਰਿਕਾਂ, ਸਰਹੱਦ ਸੁਰੱਖਿਆ ਫੋਰਸ ਅਤੇ ਸੈਲਾਨੀਆਂ ਦੇ ਕੰਮ ਆ ਰਹੀ ਹੈ। ਆਮ ਤੌਰ ’ਤੇ ਇਹ ATM ਸੈਲਾਨੀਆਂ ਨੂੰ ਆਪਣੇ ਵੱਲ ਕਾਫੀ ਆਕਰਸ਼ਿਤ ਕਰਦੀ ਹੈ। ਇਸ ATM ਮਸ਼ੀਨ ਤੋਂ ਪੈਸੇ ਕੱਢਵਾਉਣ ਵਾਲੇ ਸੈਲਾਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਹੈ ਜਿਵੇਂ ਉਨ੍ਹਾਂ ਨੇ ‘ਆਸਮਾਨ ਤੋਂ ਪੈਸੇ ਕੱਢੇ ਹਨ।’