ਸੁਸ਼ਮਾ ਸਵਰਾਜ ਨੂੰ ਕੁਝ ਇਸ ਤਰ੍ਹਾਂ ਯਾਦ ਕਰ ਰਹੇ ਹਨ ਪਾਕਿਸਤਾਨੀ

Wednesday, Aug 07, 2019 - 05:22 PM (IST)

ਸੁਸ਼ਮਾ ਸਵਰਾਜ ਨੂੰ ਕੁਝ ਇਸ ਤਰ੍ਹਾਂ ਯਾਦ ਕਰ ਰਹੇ ਹਨ ਪਾਕਿਸਤਾਨੀ

ਨਵੀਂ ਦਿੱਲੀ/ਇਸਲਾਮਾਬਾਦ— 67 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਜਾਣ ਤੋਂ ਬਾਅਦ ਸਿਆਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਸੁਸ਼ਮਾ ਭਾਰਤ ਦੀ ਇਕ ਅਜਿਹੀ ਮੰਤਰੀ ਸੀ ਜੋ ਟਵਿਟਰ 'ਤੇ ਇਕ ਅਪੀਲ ਤੋਂ ਬਾਅਦ ਲੋਕਾਂ ਦੀ ਮਦਦ 'ਚ ਲੱਗ ਜਾਂਦੀ ਸੀ। ਮਦਦ 'ਚ ਸੁਸ਼ਮਾ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਕੋਈ ਸਾਊਦੀ ਅਰਬ 'ਚ ਮਦਦ ਮੰਗ ਰਿਹਾ ਹੈ ਜਾਂ ਪਾਕਿਸਤਾਨ ਤੋਂ। ਇਕ ਵਾਰ ਇਕ ਪਾਕਿਸਤਾਨੀ ਨਾਗਰਿਕ ਨੇ ਇਹ ਤੱਕ ਕਹਿ ਦਿੱਤਾ ਕਿ ਅੱਲਾਹ ਤੋਂ ਬਾਅਦ ਉਹ ਉਨ੍ਹਾਂ ਦੀ ਆਖਰੀ ਉਮੀਦ ਹਨ। ਸੁਸ਼ਮਾ ਨੇ ਹਮੇਸ਼ਾਂ ਹੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਜਾਣ ਨਾਲ ਇਕ ਅਜਿਹੀ ਥਾਂ ਖਾਲੀ ਹੋ ਗਈ ਹੈ, ਜਿਸ ਨੂੰ ਕਦੇ ਨਹੀਂ ਭਰਿਆ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਏਮਸ 'ਚ ਸੁਸ਼ਮਾ ਨੇ ਆਖਰੀ ਸਾਹ ਲਿਆ ਸੀ।

ਤੁਰੰਤ ਮੈਡੀਕਲ ਵੀਜ਼ਾ
ਸੁਸ਼ਮਾ ਸਾਲ 2014 ਤੋਂ 2019 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ 'ਚ ਵਿਦੇਸ਼ ਮੰਤਰੀ ਰਹੀ। ਮਨੁੱਖਤਾ ਦੇ ਆਧਾਰ 'ਤੇ ਉਹ ਲੋਕਾਂ ਦੀ ਮਦਦ ਕਰਨ 'ਚ ਹਮੇਸ਼ਾ ਅੱਗੇ ਰਹੀ। ਸੁਸ਼ਮਾ ਨੇ ਟਵਿਟਰ ਨੂੰ ਇਕ ਅਜਿਹੀ ਹੈਲਪਲਾਈਨ ਦੇ ਤੌਰ 'ਤੇ ਵਰਤਿਆ, ਜਿਸ ਨਾਲ ਮੁਸੀਬਤ 'ਚ ਪਏ ਲੋਕਾਂ ਦੀ ਮਦਦ ਕੀਤੀ ਜਾ ਸਕੀ। ਸੁਸ਼ਮਾ ਨੇ ਹਮੇਸ਼ਾ ਮੰਗਲ ਗ੍ਰਹਿ ਤੱਕ ਫਸੇ ਲੋਕਾਂ ਦੀ ਮਦਦ ਕਰਨ ਦੀ ਗੱਲ ਕਹੀ। ਪਾਕਿਸਤਾਨ ਦੇ ਕਈ ਲੋਕਾਂ ਨੂੰ ਉਨ੍ਹਾਂ ਨੇ ਅਜਿਹੇ ਵੇਲੇ 'ਚ ਵੀਜ਼ਾ ਮੁਹੱਈਆ ਕਰਵਾਇਆ ਜਦੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋੜ ਸੀ। ਇਸੇ ਤਰ੍ਹਾਂ ਦਾ ਇਕ ਵਾਕਿਆ 2017 'ਚ ਹੋਇਆ ਜਦੋਂ ਇਕ ਬੱਚੀ ਨੂੰ ਓਪਨ ਹਾਰਟ ਸਰਜਰੀ ਦੀ ਲੋੜ ਸੀ। ਇਸ ਬੱਚੀ ਦੀ ਮਾਂ ਨੇ ਸੁਸ਼ਮਾ ਸਵਰਾਜ ਦੀ ਮਦਦ ਮੰਗੀ ਸੀ ਤੇ ਉਹ ਫੌਰਨ ਤਿਆਰ ਹੋ ਗਈ ਸੀ।

ਕੁਝ ਮਿੰਟਾਂ 'ਚ ਦਿੱਤਾ ਜਵਾਬ
ਹੀਰਾ ਸ਼ਿਰਾਜ ਦੀ ਇਕ ਸਾਲ ਦੀ ਬੱਚੀ ਸ਼ਿਰੀਨ ਸ਼ਿਰਾਜ ਨੂੰ ਜਲਦੀ ਤੋਂ ਜਲਦੀ ਓਪਨ ਹਾਰਟ ਸਰਜਰੀ ਦੀ ਲੋੜ ਸੀ। ਉਨ੍ਹਾਂ ਨੇ ਸੁਸ਼ਮਾ ਨੂੰ ਇਸ ਦੀ ਅਪੀਲ ਕੀਤੀ। ਹੀਰਾ ਨੇ ਸੁਸ਼ਮਾ ਨੂੰ 10 ਅਕਤੂਬਰ 2017 ਨੂੰ ਰਾਤ 8:26 ਵਜੇ ਟਵੀਟ ਕੀਤਾ ਸੀ। ਸੁਸ਼ਮਾ ਨੇ ਕਰੀਬ ਦੋ ਘੰਟੇ ਬਾਅਦ ਹੀ ਇਸ ਦਾ ਜਵਾਬ ਦਿੱਤਾ ਤੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਵਲੋਂ ਉਨ੍ਹਾਂ ਦੀ ਬੇਟੀ ਦੀ ਸਰਜਰੀ ਲਈ ਵੀਜ਼ਾ ਮਨਜ਼ੂਰ ਹੋ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਪਾਕਿਸਤਾਨੀ ਨਾਗਕਿ ਸ਼ਾਹਜੇਬ ਇਕਬਾਲ ਜੋ ਲਾਹੌਰ ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਆਪਣੇ ਭਰਾ ਦੇ ਲਿਵਰ ਟ੍ਰਾਂਸਪਲਾਂਟ ਲਈ ਭਾਰਤੀ ਵੀਜ਼ਾ ਚਾਹੀਦਾ ਸੀ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਅੱਲਾਹ ਤੋਂ ਬਾਅਦ ਤੁਸੀਂ ਸਾਡੀ ਆਖਰੀ ਉਮੀਦ ਹੋ। ਭਾਰਤੀ ਦੂਤਘਰ ਨਾਲ ਗੱਲ ਕਰਕੇ ਸਾਨੂੰ ਮੈਡੀਕਲ ਵੀਜ਼ਾ ਦਿਵਾਉਣ 'ਚ ਮਦਦ ਕਰੋ।

ਸੁਸ਼ਮਾ ਨੇ ਕੁਝ ਹੀ ਮਿੰਟਾਂ 'ਚ ਜਵਾਬ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਮੈਡੀਕਲ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਾਲ ਇਕ ਪਾਕਿਸਤਾਨੀ ਨਾਗਰਿਕ ਸਾਜਿਦਾ ਬੀਬੀ ਨੂੰ ਲਿਵਰ ਟ੍ਰਾਂਸਪਲਾਂਟ ਤੋਂ ਬਾਅਦ ਕਈ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਤੇ ਉਨ੍ਹਾਂ ਨੇ ਸੁਸ਼ਮਾ ਨੂੰ ਮੈਡੀਕਲ ਵੀਜ਼ਾ ਦੀ ਅਪੀਲ ਕੀਤੀ। ਸੁਸ਼ਮਾ ਨੇ ਕੁਝ ਹੀ ਮਿੰਟਾਂ 'ਚ ਜਵਾਬ ਦਿੱਤਾ ਤੇ ਸਾਜਿਦਾ ਬੀਬੀ ਨੂੰ ਵੀਜ਼ਾ ਜਾਰੀ ਕਰ ਦਿੱਤਾ।

ਪਾਕਿਸਤਾਨ 'ਚ ਲੈਣ ਦੂਜਾ ਜਨਮ
ਪਾਕਿਸਤਾਨ ਦੇ ਟਵਿਟਰ ਯੂਜ਼ਰ ਇਸ ਗੱਲ ਦਾ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਸੁਸ਼ਮਾ ਸਵਰਾਜ ਹੁਣ ਇਸ ਦੁਨੀਆ 'ਚ ਨਹੀਂ ਰਹੀ। ਲੋਕ ਕਹਿ ਰਹੇ ਹਨ ਕਿ ਅੱਲਾਹ ਉਨ੍ਹਾਂ ਨੂੰ ਸਵਾਰਗ ਨਸੀਬ ਕਰਨ। ਜਿਸ ਤਰ੍ਹਾਂ ਸੁਸ਼ਮਾ ਲੋਕਾਂ ਦੀ ਮਦਦ ਕਰਦੀ ਸੀ, ਯੂਜ਼ਰ ਉਸ ਨੂੰ ਵੀ ਯਾਦ ਕਰ ਰਹੇ ਹਨ। ਕੁਝ ਲੋਕ ਇਥੋਂ ਤੱਕ ਕਹਿ ਰਹੇ ਹਨ ਕਿ ਮੁਸਲਮਾਨ ਦੂਜੇ ਜਨਮ 'ਚ ਯਕੀਨ ਨਹੀਂ ਕਰਦੇ। ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਸੁਸ਼ਮਾ ਸਵਰਾਜ ਦੂਜਾ ਜਨਮ ਪਾਕਿਸਤਾਨ 'ਚ ਲੈਣ ਤੇ ਇਥੋਂ ਦੀ ਸਿਆਸਤਦਾਨ ਬਣਨ।


author

Baljit Singh

Content Editor

Related News