ਅਯੁੱਧਿਆ ਫੈਸਲੇ ਨੂੰ ਯਾਦਗਾਰ ਬਣਾਉਣ ਲਈ ਪਰਿਵਾਰ ਨੇ ਬੱਚੇ ਦਾ ਨਾਂ ਰੱਖਿਆ ''ਸ਼੍ਰੀਰਾਮ''
Sunday, Nov 10, 2019 - 06:20 PM (IST)
ਲਖੀਮਪੁਰ ਖੀਰੀ—ਸੁਪਰੀਮ ਕੋਰਟ ਨੇ ਅਯੁੱਧਿਆ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਲੈ ਕੇ ਕੱਲ ਭਾਵ ਸ਼ਨੀਵਾਰ ਨੂੰ ਇਤਿਹਾਸਕ ਫੈਸਲਾ ਸੁਣਾਇਆ। ਕੋਰਟ ਨੇ 2.77 ਏਕੜ ਦੀ ਅਯੁੱਧਿਆ ਦੀ ਵਿਵਾਦਿਤ ਜ਼ਮੀਨ 'ਤੇ ਰਾਮ ਲੱਲਾ ਬਿਰਾਜਮਾਨ ਦਾ ਹੱਕ ਮੰਨਿਆ ਹੈ। ਜਦਕਿ ਮੁਸਲਿਮ ਪੱਖ ਨੂੰ ਅਯੁੱਧਿਆ 'ਚ ਹੀ 5 ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸ਼ਾਂਤੀ ਅਤੇ ਪਿਆਰ ਨਾਲ ਸੁਆਗਤ ਕੀਤਾ ਗਿਆ। ਲੋਕਾਂ ਨੇ ਜਿੱਥੇ ਇਕ-ਦੂਜੇ ਨੂੰ ਮਠਿਆਈ ਖੁਆ ਕੇ ਵਧਾਈ ਦਿੱਤੀ, ਉੱਥੇ ਹੀ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ ਪਰਿਵਾਰ ਨੇ ਇਸ ਇਤਿਹਾਸਿਕ ਦਿਨ ਨੂੰ ਯਾਦਗਾਰ ਬਣਾਉਣ ਲਈ ਅਨੋਖਾ ਕਦਮ ਚੁੱਕਿਆ।
ਦੱਸਣਯੋਗ ਹੈ ਕਿ ਅਯੁੱਧਿਆ ਤੋਂ 246 ਕਿਲੋਮੀਟਰ ਦੂਰ ਲਖੀਮਪੁਰ ਖੀਰੀ ਜ਼ਿਲੇ 'ਚ ਪੇਸ਼ੇ ਤੋਂ ਵਕੀਲ ਮਨੋਜ ਸਿੰਘ ਨੂੰ 10.40 ਵਜੇ ਪੁੱਤਰ ਦੀ ਪ੍ਰਾਪਤੀ ਹੋਈ। ਪਰਿਵਾਰ ਦੇ ਲੋਕਾਂ ਨੇ ਇੱਕਠੇ ਹੋ ਕੇ ਸਲਾਹ ਕੀਤੀ ਅਤੇ ਅਯੁੱਧਿਆ 'ਤੇ ਆਏ ਫੈਸਲੇ ਨੂੰ ਯਾਦਗਾਰ ਬਣਾਈ ਰੱਖਣ ਲਈ ਨਵ ਜੰਮੇ ਬੱਚੇ ਦਾ ਨਾਂ 'ਸ਼੍ਰੀਰਾਮ' ਰੱਖ ਦਿੱਤਾ। ਨਵਜੰਮੇ ਦਾ ਨਾਂ ਸ਼੍ਰੀਰਾਮ ਰੱਖਣ 'ਤੇ ਦਾਦੀ, ਭੂਆ ਅਤੇ ਪਿਤਾ ਕਾਫੀ ਖੁਸ਼ ਨਜ਼ਰ ਆਏ।