ਅਨੋਖੇ ਚੋਰ! 12 ਲੱਖ ਦੀ ਚੋਰੀ ਕਰ ਕੇ ਮੰਦਰ ''ਚ ਕਰਵਾਇਆ ਭੰਡਾਰਾ
Monday, Feb 10, 2025 - 04:13 PM (IST)
![ਅਨੋਖੇ ਚੋਰ! 12 ਲੱਖ ਦੀ ਚੋਰੀ ਕਰ ਕੇ ਮੰਦਰ ''ਚ ਕਰਵਾਇਆ ਭੰਡਾਰਾ](https://static.jagbani.com/multimedia/2025_2image_16_12_473580579thief.jpg)
ਅਜਮੇਰ- ਚੋਰੀ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੰਦਰ ਵਿਚ ਜਾ ਕੇ ਮੰਨਤ ਮੰਗੀ ਅਤੇ ਚੋਰੀ ਕਰਨ ਵਿਚ ਸਫ਼ਲ ਹੋਣ 'ਤੇ ਇਕ ਲੱਖ ਰੁਪਏ ਚੜ੍ਹਾਉਣ ਦਾ ਸੰਕਲਪ ਲਿਆ। ਵਾਰਦਾਤ ਦੇ 4 ਦਿਨ ਬਾਅਦ ਉਨ੍ਹਾਂ ਨੇ ਮੰਦਰ 'ਚ ਰੁਪਏ ਚੜ੍ਹਾਏ ਅਤੇ 50 ਹਜ਼ਾਰ ਰੁਪਏ ਦਾ ਭੰਡਾਰਾ ਕਰਵਾਇਆ। ਹਾਲਾਂਕਿ ਪੁਲਸ ਨੇ ਤਕਨੀਕੀ ਨਿਗਰਾਨੀ ਅਤੇ 900 ਕਿਲੋਮੀਟਰ ਤੱਕ ਪਿੱਛਾ ਕਰਨ ਮਗਰੋਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਰਾਜਸਥਾਨ ਦੇ ਅਜਮੇਰ ਤੋਂ ਸਾਹਮਣੇ ਆਈ ਹੈ।
ਪੁਲਸ ਮੁਤਾਬਕ ਅਜਮੇਰ ਦੇ ਰਹਿਆ ਵਾਲੇ ਕਨ੍ਹਈਆ ਲਾਲ ਉਰਫ਼ ਕਾਨਾ, ਮਹਿੰਦਰ ਅਤੇ ਹਨੂੰਮਾਨ ਰੇਗਰ ਨੇ ਮਿਲ ਕੇ ਅਜਮੇਰ ਦੀ ਪੁਰਾਣੀ ਮੰਡੀ ਸਥਿਤ ਇਕ ਦੁਕਾਨ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਦੇ ਗੱਲੇ ਵਿਚ ਰੱਖੀ 12 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਵਾਰਦਾਤ ਤੋਂ ਪਹਿਲਾਂ ਮੁੱਖ ਦੋਸ਼ੀ ਹਨੂੰਮਾਨ ਰੇਗਰ ਨੇ ਭੀਲਵਾੜਾ ਦੇ ਇਕ ਮੰਦਰ ਵਿਚ ਜਾ ਕੇ ਪ੍ਰਾਰਥਨਾ ਕੀਤੀ ਸੀ ਕਿ ਜੇਕਰ ਚੋਰੀ ਵਿਚ ਚੰਗਾ ਪੈਸਾ ਹੱਥ ਲੱਗਾ ਤਾਂ ਉਹ ਮੰਦਰ ਵਿਚ ਇਕ ਲੱਖ ਰੁਪਏ ਚੜ੍ਹਾਏਗਾ ਅਤੇ ਭੰਡਾਰਾ ਕਰਵਾਏਗਾ।
ਚੋਰੀ 'ਚ ਵੱਡੀ ਰਕਮ ਮਿਲਣ ਤੋਂ ਬਾਅਦ ਹਨੂੰਮਾਨ ਰੇਗਰ ਨੇ ਮੰਦਰ 'ਚ ਜਾ ਕੇ ਇਕ ਲੱਖ ਰੁਪਏ ਚੜ੍ਹਾਏ ਅਤੇ 50 ਹਜ਼ਾਰ ਰੁਪਏ ਖਰਚ ਕੇ ਭੰਡਾਰਾ ਕਰਵਾਇਆ। ਇਸ ਤੋਂ ਬਾਅਦ ਤਿੰਨੋਂ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਪੂਰੇ ਮਾਮਲੇ ਸਬੰਧੀ CO ਰੁਦਰਪ੍ਰਕਾਸ਼ ਨੇ ਦੱਸਿਆ ਕਿ ਪੁਲਸ ਟੀਮ ਨੇ ਮੁਲਜ਼ਮਾਂ ਦਾ 900 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ 200 ਦੇ ਕਰੀਬ CCTV ਫੁਟੇਜ ਦੀ ਤਲਾਸ਼ੀ ਲਈ। ਆਖ਼ਰਕਾਰ ਪੁਲਸ ਨੂੰ ਸਫ਼ਲਤਾ ਮਿਲੀ ਅਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।