ਹੈਂ..! ਚੋਰੀ ਕਰਨ ਆਏ ਦਾ ਘਰ ਵਾਲਿਆਂ ਨੇ ਚਾੜ੍ਹਿਆ ਕੁਟਾਪਾ, ਫ਼ਿਰ ਆਪੇ ਥਾਣੇ ਪਹੁੰਚ ਗਿਆ ਚੋਰ
Saturday, Feb 07, 2026 - 01:32 PM (IST)
ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰੀ ਕਰਦੇ ਫੜੇ ਗਏ ਇੱਕ ਵਿਅਕਤੀ ਨੇ ਉਸ ਦੀ ਕੁੱਟਮਾਰ ਕਰਨ ਵਾਲੇ ਸਥਾਨਕ ਲੋਕਾਂ ਵਿਰੁੱਧ ਹੀ ਪੁਲਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 118(1) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਅਜ਼ਗਰ ਖਾਨ, ਜੋ ਕਿ ਪੇਸ਼ੇ ਤੋਂ ਆਟੋ-ਰਿਕਸ਼ਾ ਡਰਾਈਵਰ ਹੈ, ਨੇ ਮੰਨਿਆ ਕਿ ਉਹ ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕਬਾੜ ਅਤੇ ਬਿਜਲੀ ਦਾ ਸਾਮਾਨ ਚੋਰੀ ਕਰਦਾ ਹੈ। ਇਸੇ ਦੌਰਾਨ 31 ਜਨਵਰੀ, 2026 ਦੀ ਰਾਤ ਨੂੰ ਉਹ ਆਪਣੇ 2 ਸਾਥੀਆਂ ਨਾਲ ਮਿਲ ਕੇ ਚੋਕਕਾਨਹੱਲੀ ਮੇਨ ਰੋਡ 'ਤੇ ਇੱਕ ਘਰ ਦੀ ਕੰਧ ਟੱਪ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਘਰ ਦੇ ਮਾਲਕਾਂ ਨੇ ਉਨ੍ਹਾਂ ਨੂੰ ਦੇਖ ਲਿਆ ਤਾਂ ਅਜ਼ਗਰ ਅਤੇ ਉਸ ਦੇ ਸਾਥੀਆਂ ਨੇ ਘਰ ਦੇ ਮਾਲਕਾਂ 'ਤੇ ਹਮਲਾ ਕਰ ਦਿੱਤਾ। ਹੱਥੋਪਾਈ ਦੌਰਾਨ ਇੱਕ ਸਾਥੀ ਨੇ ਘਰ ਦੇ ਮਾਲਕ ਦੇ ਸਿਰ 'ਤੇ ਬੀਅਰ ਦੀ ਬੋਤਲ ਮਾਰੀ, ਜਿਸ ਦੇ ਕੱਚ ਦੇ ਟੁਕੜੇ ਇੱਕ ਔਰਤ ਦੇ ਗਲ਼ੇ 'ਤੇ ਵੀ ਲੱਗੇ।
ਇਹ ਵੀ ਪੜ੍ਹੋ- ਸੱਤਾ ਤੋਂ ਤਿਲਕ ਆ ਗਿਆ ਸੜਕਾਂ 'ਤੇ ! ਹੁਣ ਟੈਕਸੀ ਚਲਾ ਕੇ ਗੁਜ਼ਾਰਾ ਕਰ ਰਿਹਾ ਪਾਕਿ ਦਾ ਸਾਬਕਾ ਡਿਪਟੀ ਸਪੀਕਰ
ਔਰਤ ਦੇ ਰੌਲਾ ਪਾਉਣ 'ਤੇ ਗੁਆਂਢੀ ਇਕੱਠੇ ਹੋ ਗਏ, ਜਿਸ ਕਾਰਨ ਅਜ਼ਗਰ ਦੇ ਦੋਵੇਂ ਸਾਥੀ ਆਟੋ ਵਿੱਚ ਫਰਾਰ ਹੋ ਗਏ ਪਰ ਭੀੜ ਨੇ ਅਜ਼ਗਰ ਨੂੰ ਫੜ ਲਿਆ। ਇਸ ਦੌਰਾਨ ਇੱਕ ਵਿਅਕਤੀ ਨੇ ਅਜ਼ਗਰ ਦੇ ਸਿਰ 'ਤੇ ਕਿਸੇ ਚੀਜ਼ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਜਾਣਾ ਪਿਆ।
ਹਸਪਤਾਲ ਵਿੱਚ ਇਲਾਜ ਤੋਂ ਬਾਅਦ, ਅਜ਼ਗਰ ਨੇ ਪੁਲਸ ਕੋਲ ਪਹੁੰਚ ਕੀਤੀ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕਰਕੇ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਇਸ ਘਟਨਾ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਕੀ ਚੋਰੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਖੁਦ ਨੂੰ 'ਪੀੜਤ' ਦੱਸ ਕੇ ਕਾਨੂੰਨੀ ਕਾਰਵਾਈ ਦੀ ਮੰਗ ਕਰ ਸਕਦਾ ਹੈ। ਪੁਲਸ ਹੁਣ ਮਾਮਲੇ ਦੇ ਦੋਵਾਂ ਪੱਖਾਂ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
