ਕਸ਼ਮੀਰ ''ਚ ਸ਼ਾਂਤੀ, ਕੀ ਰਾਹੁਲ ਗਾਂਧੀ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ: ਅਨੁਰਾਗ ਠਾਕੁਰ
Wednesday, Dec 28, 2022 - 02:07 PM (IST)
ਨਵੀਂ ਦਿੱਲੀ- ਕਾਂਗਰਸ ਵਲੋਂ ਕਸ਼ਮੀਰ ਵਿਚ ਤਿਰੰਗਾ ਲਹਿਰਾਉਣ ਦੇ ਐਲਾਨ ਦਰਮਿਆਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ਗੱਲ 'ਤੇ ਹੈਰਾਨੀ ਜਤਾਈ ਹੈ ਕਿ ਕੀ ਰਾਹੁਲ ਗਾਂਧੀ ਅਜਿਹੇ ਸਮੇਂ ਘਾਟੀ 'ਚ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਜਦੋਂ ਜੰਮੂ-ਕਸ਼ਮੀਰ ਵਿਚ ਧਾਰਾ-370 ਅਤੇ 35ਏ ਖ਼ਤਮ ਹੋਣ ਮਗਰੋਂ ਹਾਲਾਤ ਬਿਹਤਰ ਹੋਏ ਅਤੇ ਰਿਕਾਰਡ ਗਿਣਤੀ ਵਿਚ ਸੈਲਾਨੀ ਆਏ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜੰਮੂ-ਕਸ਼ਮੀਰ 'ਚ ਕੋਈ ਵੀ, ਕਿਤੇ ਵੀ ਤਿਰੰਗਾ ਲਹਿਰਾ ਸਕਦਾ ਹੈ, ਹੁਣ ਕੋਈ ਰੋਕ ਨਹੀਂ ਹੈ ਕਿਉਂਕਿ ਨਰਿੰਦਰ ਮੋਦੀ ਸਰਕਾਰ ਨੇ ਧਾਰਾ-370 ਨੂੰ ਖ਼ਤਮ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਇਸ ਸਾਲ ਰਿਕਾਰਡ ਗਿਣਤੀ 'ਚ 1.60 ਕਰੋੜ ਸੈਲਾਨੀ ਆਏ ਹਨ। ਠਾਕੁਰ ਨੇ ਕਿਹਾ ਕਿ ਅੱਜ ਦੇਸ਼ ਦੇ ਕੋਨੇ-ਕੋਨੇ ਤੋਂ ਸੈਲਾਨੀ ਜੰਮੂ-ਕਸ਼ਮੀਰ ਆ ਰਹੇ ਹਨ ਅਤੇ ਉਹ ਉਥੇ ਕਿਤੇ ਵੀ ਜਾ ਸਕਦੇ ਹਨ। ਅੱਜ ਇੱਥੇ ਪਥਰਾਅ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ, ਅੱਤਵਾਦੀ ਮਾਰੇ ਜਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜੰਮੂ-ਕਸ਼ਮੀਰ 'ਚ ਹਾਲਾਤ ਸੁਧਰੇ ਹਨ।
ਕੇਂਦਰੀ ਮੰਤਰੀ ਨੇ ਸਵਾਲ ਕੀਤਾ ਕਿ ਕੀ ਰਾਹੁਲ ਗਾਂਧੀ ਉਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ? ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਜੋ ਸਤੰਬਰ 'ਚ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਅਗਲੇ ਮਹੀਨੇ ਕਸ਼ਮੀਰ 'ਚ ਸਮਾਪਤ ਹੋਵੇਗੀ। ਅਨੁਰਾਗ ਠਾਕੁਰ ਨੇ ਰਾਹੁਲ ਨੂੰ 1992 ਦੀ ਮੁਰਲੀ ਮਨੋਹਰ ਜੋਸ਼ੀ ਅਤੇ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦੇ ਲਾਲ ਚੌਕ 'ਤੇ ਤਿਰੰਗਾ ਲਹਿਰਾਉਣ ਅਤੇ 'ਏਕਤਾ ਯਾਤਰਾ' ਕੱਢਣ ਦੀ ਘਟਨਾ ਦੀ ਯਾਦ ਦਿਵਾਈ।
ਉਨ੍ਹਾਂ ਕਿਹਾ ਉਦੋਂ (1992 'ਚ) ਅੱਤਵਾਦੀ ਹਮਲੇ, ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਅਤੇ ਇਸ (ਯਾਤਰਾ) ਦਾ ਕਾਫੀ ਵਿਰੋਧ ਹੋਇਆ ਸੀ। ਇਹ ਸਥਿਤੀ ਉਦੋਂ ਸੀ ਜਦੋਂ ਕਾਂਗਰਸ ਸੱਤਾ 'ਚ ਸੀ। ਉਨ੍ਹਾਂ ਕਿਹਾ ਕਿ 2011 'ਚ ਜਦੋਂ ਉਹ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਕੋਲਕਾਤਾ ਤੋਂ ਕਸ਼ਮੀਰ ਤੱਕ ਤਿਰੰਗਾ ਯਾਤਰਾ ਕੱਢੀ ਸੀ ਅਤੇ ਇਹ ਸਿਰਫ 11 ਸਾਲ ਪੁਰਾਣੀ ਗੱਲ ਹੈ। ਉਨ੍ਹਾਂ ਕਿਹਾ ਉਦੋਂ ਕੇਂਦਰ 'ਚ ਕਾਂਗਰਸ ਦੀ ਗੱਠਜੋੜ ਸਰਕਾਰ ਸੀ ਅਤੇ ਜੰਮੂ-ਕਸ਼ਮੀਰ 'ਚ ਕਾਂਗਰਸ-ਨੈਸ਼ਨਲ ਕਾਨਫਰੰਸ ਸਰਕਾਰ ਨੇ ਤਿਰੰਗਾ ਯਾਤਰਾ ਦਾ ਵਿਰੋਧ ਕੀਤਾ ਸੀ।
ਮੈਨੂੰ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ, ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਉਸ ਸਮੇਂ ਦੇ ਨੇਤਾਵਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ। ਠਾਕੁਰ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਉਦੋਂ ਤਿਰੰਗਾ ਲਹਿਰਾਉਣਾ ਮੁਸ਼ਕਲ ਸੀ ਕਿਉਂਕਿ ਧਾਰਾ 370 ਅਤੇ 35ਏ ਲਾਗੂ ਸੀ।ਪਰ ਅੱਜ ਜੰਮੂ-ਕਸ਼ਮੀਰ ਦੀ ਸਥਿਤੀ ਮੋਦੀ ਸਰਕਾਰ ਦੇ ਅਧੀਨ ਬਹੁਤ ਸੁਧਰੀ ਹੈ ਅਤੇ ਕੋਈ ਵੀ ਉੱਥੇ ਤਿਰੰਗਾ ਲਹਿਰਾ ਸਕਦਾ ਹੈ।
ਠਾਕੁਰ ਨੇ ਕਿਹਾ ਕਿ ਮੇਰਾ ਉਨ੍ਹਾਂ ਨੂੰ ਸਵਾਲ ਹੈ ਕਿ ਕੀ ਉਹ ਧਾਰਾ 370 ਅਤੇ 35ਏ ਨੂੰ ਖ਼ਤਮ ਕਰਨ ਦੇ ਹੱਕ 'ਚ ਹਨ ਜਾਂ ਇਸ ਦੇ ਵਿਰੋਧ 'ਚ ? ਕੀ ਉਹ ਜੰਮੂ-ਕਸ਼ਮੀਰ 'ਚ ਸ਼ਾਂਤੀ ਦੇ ਪੱਖ ਵਿਚ ਹਨ ਜਾਂ ਵਿਰੋਧ ਵਿਚ। ਠਾਕੁਰ ਨੇ ਪੁੱਛਿਆ ਕਿ ਰਾਹੁਲ ਗਾਂਧੀ ਕਿਹੜਾ ਏਜੰਡਾ ਲੈ ਕੇ ਚੱਲ ਰਹੇ ਹਨ ਅਤੇ ਕੀ ਉਹ ਉੱਥੇ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ? ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਹੁਣ ਭਾਰਤ ਜੋੜੋ ਯਾਤਰਾ ਨੇ 110 ਦਿਨ ਪੂਰੇ ਕਰ ਲਏ ਹਨ। ਇਹ ਯਾਤਰਾ ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਹੋ ਕੇ ਲੰਘੀ ਹੈ। ਕਾਂਗਰਸ ਪਾਰਟੀ ਵੱਲੋਂ ਇਸ ਯਾਤਰਾ ਦੀ ਸਮਾਪਤੀ ਮੌਕੇ ਸ਼੍ਰੀਨਗਰ ਵਿਚ ਤਿਰੰਗਾ ਲਹਿਰਾਉਣ ਦੀ ਯੋਜਨਾ ਹੈ।