ਇਸਲਾਮ ’ਚ ਅੱਤਵਾਦ ਲਈ ਕੋਈ ਥਾਂ ਨਹੀਂ : ਅਲ-ਈਸਾ

07/15/2023 11:22:55 AM

ਜਲੰਧਰ, (ਇੰਟ.)- ਆਪਣੀ ਭਾਰਤ ਫੇਰੀ ਦੌਰਾਨ ਮੁਸਲਿਮ ਵਰਲਡ ਲੀਗ ਦੇ ਜਨਰਲ ਸਕੱਤਰ ਜਨਰਲ ਸ਼ੇਖ ਮੁਹੰਮਦ ਬਿਨ ਅਬਦੁਲ ਕਰੀਮ ਅਲ-ਈਸਾ ਨੇ ਕਿਹਾ ਕਿ ਇਸਲਾਮ ਵਿਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦਾ ਰਾਹ ਅਪਣਾਉਣ ਵਾਲੇ ਲੋਕਾਂ ਨੂੰ ਹਰਾਇਆ ਜਾਵੇਗਾ। ਡਾ. ਅਲ-ਈਸਾ ਨਵੀਂ ਦਿੱਲੀ ਵਿਚ ਜਾਮਾ ਮਸਜਿਦ ਵਿਚ ਜੁੰਮੇ ਦੀ ਨਮਾਜ਼ ਦੌਰਾਨ ਖੁਤਬਾ (ਉਪਦੇਸ਼) ਦੇ ਰਹੇ ਸਨ। ਇਥੇ ਪਹੁੰਚਣ ’ਤੇ ਉਨ੍ਹਾਂ ਦਾ ਸਭ ਤੋਂ ਪਹਿਲਾਂ ਜਾਮਾ ਮਸਜਿਦ ਦੇ ਇਮਾਮ ਸਈਅਦ ਇਮਾਮ ਅਹਿਮਦ ਬੁਖਾਰੀ ਨੇ ਸਵਾਗਤ ਕੀਤਾ।

ਇਸ ਦੌਰਾਨ ਇਮਾਮ ਅਹਿਮਦ ਬੁਖਾਰੀ ਨੇ ਸ਼ੇਖ ਮੁਹੰਮਦ ਅਬਦੁਲ ਕਰੀਮ ਅਲ-ਈਸਾ ਨੂੰ ਨਮਾਜ਼ੀਆਂ ਨਾਲ ਜਾਣੂ ਕਰਵਾਉਂਦਿਆਂ ਕਿਹਾ ਕਿ ਭਾਰਤ ਦੇ ਸਾਊਦੀ ਅਰਬ ਨਾਲ ਡੂੰਘੇ ਸਬੰਧ ਹਨ। ਤੁਹਾਡੇ ਇਥੋਂ ਆਉਣ ਨਾਲ ਭਾਰਤੀ ਮੁਸਲਮਾਨਾਂ ਨੂੰ ਆਪਣੇਪਨ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਸ਼ਾਂਤੀ ਅਤੇ ਸਦਭਾਵਨਾ ਲਈ ਮੁਸਲਿਮ ਵਰਲਡ ਲੀਗ ਦੇ ਬੈਨਰ ਹੇਠ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਚੰਗੇ ਅਕਸ ਦੀ ਵਕਾਲਤ ਕਰਦੈ ਇਸਲਾਮ

ਅਲ-ਈਸਾ ਦੀ ਅਗਵਾਈ ਵਿਚ ਨਮਾਜ਼ੀਆਂ ਨੇ ਜਾਮਾ ਮਸਜਿਦ ਵਿਚ ਜੁੰਮੇ ਦੀ ਨਮਾਜ਼ ਅਦਾ ਕੀਤੀ। ਇਸ ਤੋਂ ਪਹਿਲਾਂ ਲਗਭਗ ਅੱਧੇ ਘੰਟੇ ਦੇ ਆਪਣੇ ਖੁਤਬਾ (ਉਪਦੇਸ਼) ਵਿਚ ਅਲ-ਈਸਾ ਨੇ ਵਾਰ-ਵਾਰ ਅਖਲਾਕ (ਅਕਸ), ਭਾਈਚਾਰਾ ਅਤੇ ਚੰਗੇ ਚਰਿੱਤਰ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਮਾਜ਼ੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਮੁਸਲਮਾਨ ਦੀ ਪਛਾਣ ਉਸ ਦੇ ਅਖ਼ਲਾਕ (ਅਕਸ) ਤੋਂ ਹੁੰਦੀ ਹੈ। ਕੁਰਾਨ ਅਤੇ ਹਜ਼ਰਤ ਆਇਸ਼ਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਇਕ-ਦੂਜੇ ਨਾਲ ਚੰਗੇ ਵਿਵਹਾਰ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਸਲਾਮ ਨਿਮਰਤਾ, ਈਮਾਨਦਾਰੀ ਅਤੇ ਦੂਜਿਆਂ ਪ੍ਰਤੀ ਚੰਗੇ ਵਿਵਹਾਰ ਦੀ ਵਕਾਲਤ ਕਰਦਾ ਹੈ। ਇਸਲਾਮ ਸਾਰੇ ਮਨੁੱਖਾਂ ਦੇ ਭਾਈਚਾਰੇ ਦਾ ਧਰਮ ਹੈ। ਮੁਸਲਮਾਨਾਂ ਨੂੰ ਸਾਰਿਆਂ ਨਾਲ ਦਿਆਲੂ (ਨਰਮ) ਹੋਣਾ ਚਾਹੀਦਾ ਹੈ।

ਸਵਾਮੀ ਨਾਰਾਇਣ ਅਕਸ਼ਰਧਾਮ ’ਚ ਬਿਤਾਏ 3 ਘੰਟੇ

ਅਲ-ਈਸਾ ਨੇ ਆਪਣੇ ਦੌਰੇ ਦੌਰਾਨ ਭਾਰਤੀ ਆਰਕੀਟੈਕਚਰ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਸ਼ਾਨ ਨੂੰ ਦੇਖਣ ਲਈ ਸਵਾਮੀ ਨਾਰਾਇਣ ਅਕਸ਼ਰਧਾਮ ਵਿਖੇ 3 ਘੰਟੇ ਬਿਤਾਏ। ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦਾ ਵਿਸ਼ਵ ਲਈ ਸ਼ਾਨਦਾਰ ਯੋਗਦਾਨ ਹੈ। ਅਲ-ਈਸਾ ਨੇ ਅਕਸ਼ਰਧਾਮ ਦੇ ਸਵਾਮੀਆਂ ਨਾਲ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਸਹਿ-ਹੋਂਦ ਬਾਰੇ ਚਰਚਾ ਕੀਤੀ। ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ ਪਹੁੰਚਣ ’ਤੇ ਅਲ-ਈਸਾ ਦਾ ਪਰਮ ਪੂਜਨੀਤ ਮਹੰਤ ਸਵਾਮੀ ਮਹਾਰਾਜ ਵੱਲੋਂ ਸਵਾਮੀ ਬ੍ਰਹਮਵਿਹਾਰੀ ਦਾਸ ਅਤੇ ਸਵਾਮੀ ਧਰਮਵਤਸਲ ਦਾਸ ਵੱਲੋਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ 2022 ਵਿਚ ਸਾਊਦੀ ਅਰਬ ਦੇ ਰਿਆਦ ਵਿਚ ਆਯੋਜਿਤ ਆਪਣੀ ਕਿਸਮ ਦੀ ਪਹਿਲੀ ਗਲੋਬਲ ਇੰਟਰਫੇਥ ਕਾਨਫਰੰਸ ਵਿਚ

ਅਲ-ਈਸਾ ਦੀ ਸਵਾਮੀ ਬ੍ਰਹਮਵਿਹਾਰੀ ਦਾਸ ਨਾਲ ਆਖਰੀ ਗੱਲਬਾਤ ਹੋਈ ਸੀ ਪਰ ਜਦੋਂ ਉਹ ਦੁਬਾਰਾ ਦਿੱਲੀ ਵਿਚ ਮਿਲੇ ਤਾਂ ਦੋਵੇਂ ਬਹੁਤ ਖੁਸ਼ ਨਜ਼ਰ ਆਏ।

 ਭਾਰਤ ਦੀ ਵਿਭਿੰਨਤਾ ਦੇ ਕਾਇਲ ਹੋਏ ਅਲ-ਈਸਾ

ਮੀਡੀਆ ਨੂੰ ਦਿੱਤੇ ਇੰਟਰਵਿਊ ’ਚ ਅਲ-ਈਸਾ ਨੇ ਦੱਸਿਆ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹਨ। ਭਾਰਤ ਦੇ ਦੋਸਤਾਨਾ ਗਣਰਾਜ ਵਿਚ ਆਉਣ ਤੋਂ ਪਹਿਲਾਂ ਮੈਂ ਜਾਣਦਾ ਸੀ ਕਿ ਇਥੇ ਵਿਭਿੰਨਤਾ ਹੈ। ਜਦੋਂ ਮੈਂ ਇਥੇ ਆਇਆ ਤਾਂ ਮੈਂ ਇਸ ਨੂੰ ਸੱਚਮੁੱਚ ਹੀ ਜ਼ਮੀਨ ’ਤੇ ਦੇਖਿਆ। ਅਸੀਂ ਹਰ ਕਿਸੇ ਨਾਲ ਗੱਲਬਾਤ ਕਰਦੇ ਹਾਂ। ਇਸ ਵਿਚ ਸਿਆਸਤਦਾਨ ਅਤੇ ਚਿੰਤਕ ਵੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਭਾਰਤ ਵਿਚ ਵਿਭਿੰਨਤਾ ਸਹਿ-ਹੋਂਦ ਦੀ ਸੁੰਦਰਤਾ ਨੂੰ ਦਰਸਾਉਂਦੀ ਹੈ। ਮੈਂ ਜਾਣਦਾ ਹਾਂ ਕਿ ਭਾਰਤ ਇਕ ਸੰਵਿਧਾਨ ਵੱਲੋਂ ਚਲਾਇਆ ਜਾਣ ਵਾਲਾ ਦੇਸ਼ ਹੈ ਅਤੇ ਇਸ ਦਾ ਸੰਵਿਧਾਨ ਸਮਾਵੇਸ਼ੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਹੀ ਮਹੱਤਵਪੂਰਨ ਮੁਲਾਕਾਤ ਹੋਈ। ਅਸੀਂ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਹੈ। ਭਾਰਤ ਦੇ ਰਾਸ਼ਟਰਪਤੀ ਨਾਲ ਵੀ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ ਗਈ, ਹਿੰਦੂ ਨੇਤਾਵਾਂ ਨਾਲ ਵੀ ਸਾਰਥਕ ਗੱਲਬਾਤ ਹੋਈ।


Rakesh

Content Editor

Related News