ਝਾਰਖੰਡ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਬਿਨਾਂ ਪੈਸੇ ਦੇ ਕੁਝ ਨਹੀਂ ਹੁੰਦਾ : ਸ਼ਿਵਰਾਜ
Saturday, Sep 28, 2024 - 12:49 AM (IST)
ਰਾਂਚੀ, (ਭਾਸ਼ਾ)- ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਝਾਰਖੰਡ ਦੀ ਝਾਮੁਮੋ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਤੇ ਵੱਖ-ਵੱਖ ਯੋਜਨਾਵਾਂ ਲਈ ਸੂਬੇ ਨੂੰ ਭੇਜੇ ਗਏ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮਨਰੇਗਾ ਲਈ ਮਿਲੇ ਫੰਡ ਦੀ ਵਰਤੋਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਅਗਵਾਈ ਵਾਲੀ ਸਰਕਾਰ ’ਤੇ ਹਮਲਾ ਬੋਲਦਿਆਂ ਉਸ ਨੂੰ ‘ਪੇਪਰ ਲੀਕ ਸਰਕਾਰ’ ਕਰਾਰ ਦਿੱਤਾ ਅਤੇ ਇਸ ’ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਵੀ ਦੋਸ਼ ਲਗਾਇਆ। ਲਾਤੇਹਾਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝਾਰਖੰਡ ਵਿਚ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਇਥੇ ਪੈਸੇ ਤੋਂ ਬਿਨਾਂ ਕੁਝ ਨਹੀਂ ਹੁੰਦਾ। ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਲਈ ਆਏ ਕੇਂਦਰੀ ਫੰਡਾਂ ਦੀ ਦੁਰਵਰਤੋਂ ਕੀਤੀ। ਅਸੀਂ ਮਨਰੇਗਾ ਵਿਚ ਹੋਈਆਂ ਬੇਨਿਯਮੀਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰਾਂਗੇ।
ਚੌਹਾਨ ਨੇ ਕਿਹਾ ਕਿ ਆਬਕਾਰੀ ਪੁਲਸ ਭਰਤੀ ਮੁਹਿੰਮ ਦੌਰਾਨ ਕੀਤੇ ਗਏ ਮਾੜੇ ਪ੍ਰਬੰਧਨਾਂ ਕਾਰਨ 16 ਨੌਜਵਾਨਾਂ ਦੀ ਮੌਤ ਹੋ ਗਈ ਸੀ। ਹੇਮੰਤ ਸੋਰੇਨ ਸਰਕਾਰ ਦੇ ਅੱਤਿਆਚਾਰ, ਦਹਿਸ਼ਤ ਅਤੇ ਕੁਸ਼ਾਸਨ ਕਾਰਨ ਲੋਕ ਡਰੇ ਹੋਏ ਹਨ।