ਚੋਟੀ ਦੇ 500 ਅਮੀਰਾਂ ’ਚ 18 ਭਾਰਤੀ, ਅਰਬਾਂ ਡਾਲਰ ਹੈ ਜਾਇਦਾਦ

07/17/2019 8:50:21 PM

ਜਲੰਧਰ (ਜਸਬੀਰ ਵਾਟਾਂ ਵਾਲੀ) ਅਮਰੀਕੀ ਸ਼ੇਅਰ ਬਾਜ਼ਾਰ ਦੀ ਰੋਜ਼ਾਨਾ ਅਪਡੇਟ ਦੇਣ ਵਾਲੀ ‘ਬਲੂਮਬਰਗ ਬਿਲੇਨੀਅਰ ਇੰਡੈਕਸ’ ਅਨੁਸਾਰ ‘ਬਿੱਲ ਗੇਟਸ’ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨਹੀਂ ਹਨ, ਬਲਕਿ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਅਹੁਦਾ ‘ਬਰਨਾਰਡ ਅਰਨਾਲਟ’ ਕੋਲ ਚਲਾ ਗਿਆ ਹੈ। ਇਸ ਇੰਡੈਕਸ ਮੁਤਾਬਕ ਬਿੱਲ ਗੇਟਸ ਇਨ੍ਹਾਂ ਸੱਤ ਸਾਲਾਂ 'ਚ ਪਹਿਲੀ ਵਾਰ ਤੀਜੇ ਨੰਬਰ 'ਤੇ ਆਏ ਹਨ। 

ਇਸ ਇੰਡੈਕਸ ਮੁਤਾਬਕ ਭਾਰਤੀ ਅਮੀਰਾਂ ਦੀ ਗੱਲ ਕਰੀਏ ਤਾਂ 500 ਵੱਡੇ ਅਮੀਰਾਂ ਦੀ ਲਿਸਟ ਵਿਚ 18 ਭਾਰਤੀ ਵੀ ਸ਼ਾਮਲ ਹਨ। ਇਸ ਲਿਸਟ ਮੁਤਾਬਕ ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ 13ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 51.8 ਅਰਬ ਡਾਲਰ ਹੈ। ਸਾਲ 2018 ਦੇ ਜੁਲਾਈ ਮਹੀਨੇ ਵਿਚ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਬਣ ਗਏ ਸਨ। ਉਸ ਮੌਕੇ ਉਨ੍ਹਾਂ ਨੇ ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਦੇ ਬਾਨੀ ਅਤੇ ਚੇਅਰਮੈਨ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਸੀ। ਭਾਵੇਂ ਕਿ ਬਾਅਦ ਵਿਚ ਉਹ ਇਸ ਸਥਾਨ ਨੂੰ ਕਾਇਮ ਨਹੀਂ ਰੱਖ ਸਕੇ ਸਨ। ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਤੋਂ ਇਲਾਵਾ ਮੁੰਬਈ ਦੇ ਕਈ ਸੰਗਠਨਾਂ ਦੇ ਹੋਰ ਕਾਰੋਬਾਰਾਂ ਅਤੇ 4 ਜੀ ਵਾਇਰਲੈੱਸ ਨੈੱਟਵਰਕ ਦੇ ਵੀ ਮਾਲਕ ਹਨ।

ਬਿਲੇਨੀਅਰ ਇੰਡੈਕਸ ਦੇ ਅੰਕੜਿਆਂ ਮੁਤਾਬਕ ਮੁਕੇਸ਼ ਅੰਬਾਨੀ ਤੋਂ ਬਾਅਦ ਵਿਪਰੋ ਦੇ ਚੇਅਰਮੈਨ ਅਤੇ ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਅਜ਼ੀਮ ਪ੍ਰੇਮਜੀ 48ਵੇਂ ਸਥਾਨ ਹਨ। ਇਸ ਇੰਡੈਕਸ ਮੁਤਾਬਕ ਉਨ੍ਹਾਂ ਦੀ ਮੌਜੂਦਾ ਜਾਇਦਾਦ 20.5 ਅਰਬ ਡਾਲਰ ਹੈ। ਪ੍ਰੇਮਜੀ ਦੀ ਸੂਚਨਾ-ਤਕਨਾਲੋਜੀ ਅਤੇ ਆਊਟਸੋਰਸਿੰਗ ਕੰਪਨੀ ਹੈ, ਜਿਸ ’ਚ 1,60,000 ਤੋਂ ਵੀ ਵੱਧ ਕਰਮਚਾਰੀ ਕੰਮ ਕਰਦੇ ਹਨ।
ਇਸ ਤੋਂ ਬਾਅਦ 92ਵੇਂ ਨੰਬਰ ’ਤੇ ਤਕਨੀਕੀ ਕਾਰੋਬਾਰੀ ਸ਼ਿਵ ਨਾਦਰ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 14.5 ਅਰਬ ਡਾਲਰ ਹੈ। ਇਸ ਇੰਡੈਕਸ ਮੁਤਾਬਕ 96ਵੇਂ ਨੰਬਰ ’ਤੇ ਉਦੈ ਕੋਟਿਕ ਹੈ, ਜਿਸ ਦੀ ਮੌਜੂਦਾ ਜਾਇਦਾਦ 13.8 ਅਰਬ ਡਾਲਰ ਹੈ। ਇਸ ਤੋਂ ਬਾਅਦ ਮਾਲ ਕਾਰੋਬਾਰੀ ਲਕਸ਼ਮੀ ਮਿੱਤਲ 112ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 12.6 ਅਰਬ ਡਾਲਰ ਹੈ। ਇਹ ਕਾਰੋਬਾਰੀ ਭਾਰਤ ਦੇ ਸਭ ਤੋਂ ਵੱਡੇ ਪੰਜ ਅਮੀਰਾਂ ਵਿਚੋਂ ਹਨ। ਇਸ ਲਿਸਟ ਮੁਤਾਬਕ ਭਾਰਤ ਦੇ ਛੇਵੇਂ ਸਭ ਤੋਂ ਵੱਡੇ ਅਮੀਰ 9.96 ਅਰਬ ਡਾਲਰ ਦੇ ਮਾਲਕ ਗੌਤਮ ਅਡਾਨੀ ਹਨ, ਜੋ ਕਿ 151ਵੇਂ ਨੰਬਰ ’ਤੇ ਹਨ। ਇਸੇ ਤਰ੍ਹਾਂ ਰਾਧਾਕ੍ਰਿਸ਼ਨ ਦਮਾਨੀ 8.20 ਅਰਬ ਡਾਲਰ ਦੇ ਮਾਲਕ ਹਨ, ਜੋ ਕਿ ਇਸ ਲਿਸਟ ਵਿਚ 193ਵੇਂ ਨੰਬਰ ’ਤੇ ਹਨ। ਇਸ ਤੋਂ ਬਾਅਦ 7.76 ਅਰਬ ਡਾਲਰ ਦੇ ਮਾਲਕ ਦਲੀਪ ਸਾਂਘਵੀ 203ਵੇਂ ਨੰਬਰ ’ਤੇ ਹਨ। ਇਸੇ ਤਰ੍ਹਾਂ ਸਾਇਰਸ ਪੂਨਾਵਾਲਾ 206ਵੇਂ ਨੰਬਰ ’ਤੇ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 7.69 ਅਰਬ ਡਾਲਰ ਹੈ। ਇਸ ਤੋਂ ਬਾਅਦ ਮਾਲ ਕਾਰੋਬਾਰੀ ਸਵਿਤਰੀ ਜਿੰਦਲ 225ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 7.22 ਅਰਬ ਡਾਲਰ ਹੈ। ਇਸ ਲਿਸਟ ਮੁਤਾਬਕ ਬੇਨੂ ਗੋਪਾਲ ਬਾਂਗਰ 230ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 7.16 ਅਰਬ ਡਾਲਰ ਹੈ। ਇਸ ਤੋਂ ਬਾਅਦ 7.1 ਅਰਬ ਡਾਲਰ ਦੇ ਮਾਲਕ ਕੁਮਾਰ ਬਿਰਲਾ 231ਵੇਂ ਸਥਾਨ ’ਤੇ ਹਨ। ਉਨ੍ਹਾਂ ਤੋਂ ਬਾਅਦ 6.32 ਅਰਬ ਡਾਲਰ ਦੇ ਮਾਲਕ ਨੂਸਲੀ ਵਾਡੀਆ 275ਵੇਂ  ਨੰਬਰ ’ਤੇ ਹਨ। ਇਸ ਇੰਡਕੈਸ ਅਨੁਸਾਰ ਸੁਨੀਲ ਮਿੱਤਲ 331ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 5.51 ਅਰਬ ਡਾਲਰ ਹੈ। ਉਨ੍ਹਾਂ ਤੋਂ ਬਾਅਦ 365ਵੇਂ ਸਥਾਨ ’ਤੇ ਰਾਹੁਲ ਹਨ, ਜਿਨ੍ਹਾਂ ਦੀ ਕੁਲ ਜਾਇਦਾਦ 5.19 ਅਰਬ ਡਾਲਰ ਹੈ। ਇਸ ਲਿਸਟ ਵਿਚ ਸੁਨੀਲ ਅਗਰਵਾਲ 380ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਮੌਜੂਦਾ ਜਾਇਦਾਦ 5.09 ਅਰਬ ਡਾਲਰ ਹੈ। ਉਨ੍ਹਾਂ ਤੋਂ ਬਾਅਦ ਕੇ. ਪੀ. ਸਿੰਘ 435ਵੇਂ ਸਥਾਨ ’ਤੇ ਹਨ, ਜਿਨ੍ਹਾਂ ਦੀ ਕੁਲ ਜਾਇਦਾਦ 4.65 ਅਰਬ ਡਾਲਰ ਹੈ। ਇਸੇ ਤਰ੍ਹਾਂ 500 ਵੱਡੇ ਅਮੀਰਾਂ ਦੀ ਇਸ ਲਿਸਟ ਵਿਚ ਸਭ ਤੋਂ ਅਖੀਰਲੇ ਵੱਡੇ ਅਮੀਰ ਮਿੱਕੀ ਜਗਤਿਆਨੀ ਹਨ, ਜੋ ਕਿ 458ਵੇਂ ਨੰਬਰ ਹਨ, ਜਿਨਾਂ ਦੀ ਮੌਜੂਦਾ ਜਾਇਦਾਦ 4.47 ਅਰਬ ਡਾਲਰ ਹੈ।


jasbir singh

News Editor

Related News