ਨਿਤਿਨ ਨਬੀਨ ਦੀ ਸਫਲਤਾ ਦੀ ਅਣਕਹੀ ਕਹਾਣੀ
Thursday, Jan 01, 2026 - 11:53 PM (IST)
ਨੈਸ਼ਨਲ ਡੈਸਕ- ਭਾਜਪਾ ਦੇ ਹਲਕਿਆਂ ’ਚ ਇਸ ਗੱਲ ਨੂੰ ਲੈ ਕੇ ਚਰਚਾਵਾਂ ਤੇਜ਼ ਹਨ ਕਿ ਨਿਤਿਨ ਨਬੀਨ ਵਰਗਾ ਤੁਲਨਾਤਮਕ ਤੌਰ ’ਤੇ ਘੱਟ ਜਾਣਿਆ-ਪਛਾਣਿਆ ਆਗੂ ਅਚਾਨਕ ਪਾਰਟੀ ਦਾ ਨਵਾਂ ਕਾਰਜਕਾਰੀ ਪ੍ਰਧਾਨ ਕਿਵੇਂ ਬਣ ਗਿਆ। ਦਿੱਲੀ ’ਚ ਇਸ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ।
ਇਕ ਰਾਏ ਅਨੁਸਾਰ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢੁੱਕਵੇਂ ਬਦਲ ਮੰਗੇ ਤਾਂ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਨਬੀਨ ਦਾ ਨਾਂ ਚੁਣਿਆ। ਤਰਕ ਸਿੱਧਾ ਸੀ : ਨਬੀਨ ਬਿਹਾਰ ’ਚ ਪੈਦਾ ਹੋਏ ਹਨ ਅਤੇ ਸੂਬੇ ਦੀ ਸਿਆਸੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਇਕ ਹੋਰ ਦਿਲਚਸਪ ਅਫਵਾਹ ਇਹ ਹੈ ਕਿ ਮੋਦੀ ਨੇ ਖੁਦ ਵੱਖ-ਵੱਖ ਸੂਬਿਆਂ ਦੇ ਭਾਜਪਾ ਮੰਤਰੀਆਂ ਦੀ ਇਕ ਸੂਚੀ ਮੰਗੀ ਸੀ, ਜਿਨ੍ਹਾਂ ਦੀ ਉਮਰ 45 ਤੋਂ 50 ਸਾਲ ਦੇ ਵਿਚਾਲੇ ਹੋਵੇ; ਅਜਿਹੇ ਆਗੂ ਜੋ ਪ੍ਰਭਾਵਸ਼ਾਲੀ ਹੋਣ, ਵਿਚਾਰਧਾਰਕ ਤੌਰ ’ਤੇ ਆਰ. ਐੱਸ. ਐੱਸ. ਨਾਲ ਜੁੜੇ ਹੋਣ ਅਤੇ ਵੱਡੀ ਸੰਗਠਨਾਤਮਕ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹੋਣ। ਇਨ੍ਹਾਂ ਆਪਸੀ ਵਿਰੋਧੀ ਵਿਚਾਰਾਂ ਦਰਮਿਆਨ, ਛੱਤੀਸਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ।
ਪਤਾ ਲੱਗਾ ਹੈ ਕਿ ਇਸ ਪੂਰੀ ਪ੍ਰਕਿਰਿਆ ਦੇ ਤਾਲਮੇਲ ਅਤੇ ਅਮਲ ਦੀ ਜ਼ਿੰਮੇਵਾਰੀ ਮੋਦੀ ਨੇ ਆਪਣੇ ਸਭ ਤੋਂ ਭਰੋਸੇਮੰਦ ਸਾਥੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਸੀ। ਇਸ ਦਾ ਕਾਰਨ ਸਪੱਸ਼ਟ ਹੈ। ਨਿਤਿਨ ਨਬੀਨ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਹ ਦੇ ਅਧੀਨ ਕੰਮ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਦੇ ਆਪਸੀ ਸਬੰਧ ਵਧੀਆ ਬਣ ਗਏ ਸਨ। ਅਜਿਹਾ ਲੱਗਦਾ ਹੈ ਕਿ ਇਹ ਸਬੰਧ ਕੰਮ ਆਇਆ।
ਹਾਲ ਹੀ ’ਚ, ਅਮਿਤ ਸ਼ਾਹ ਰਾਏਪੁਰ ਗਏ ਅਤੇ ਪਟਨਾ ’ਚ ਨਬੀਨ ਨੂੰ ਨਿੱਜੀ ਤੌਰ ’ਤੇ ਮਿਲਣ ਦਾ ਸੁਨੇਹਾ ਭੇਜਿਆ। ਨਬੀਨ ਤੁਰੰਤ ਰਾਏਪੁਰ ਪਹੁੰਚੇ, ਜਿੱਥੇ ਸ਼ਾਹ ਨਾਲ ਉਨ੍ਹਾਂ ਦੀ ਮੁਲਾਕਾਤ ਇਕ ਵਿਸਥਾਰਤ ਗੱਲਬਾਤ ’ਚ ਬਦਲ ਗਈ। ਕੁਝ ਸਮੇਂ ਬਾਅਦ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਨੱਡਾ ਅਤੇ ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਜੋ ਹੋਇਆ ਉਹ ਇਤਿਹਾਸ ਬਣ ਚੁੱਕਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੋਦੀ ਦੀ ਪੁਰਾਣੀ ਸ਼ੈਲੀ ਹੈ-ਚੁੱਪਚਾਪ ਉਮੀਦਵਾਰਾਂ ਦੀ ਪਰਖ, ਸਖ਼ਤ ਕੰਟਰੋਲ ਅਤੇ ਆਖਰੀ ਫੈਸਲਾ, ਜੋ ਚੁਣੇ ਗਏ ਉਮੀਦਵਾਰ ਨੂੰ ਵੀ ਹੈਰਾਨ ਕਰ ਦਿੰਦਾ ਹੈ।
