ਡੇਟਿੰਗ ਐਪ ’ਤੇ ਮੁਟਿਆਰ ਦੀ ਧਮਕੀ, ਦਿੱਲੀ ''ਤੇ ਹੋਵੇਗਾ ਪ੍ਰਮਾਣੂ ਹਮਲਾ
Thursday, Feb 21, 2019 - 07:21 PM (IST)

ਨਵੀਂ ਦਿੱਲੀ–ਡੇਟਿੰਗ ਐਪ 'ਟਿੰਡਰ' 'ਤੇ ਚੈਟਿੰਗ ਦੌਰਾਨ ਇਕ ਮੁਟਿਆਰ ਨੇ ਇਕ ਨੌਜਵਾਨ ਨੂੰ ਧਮਕੀ ਦਿੱਤੀ ਕਿ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ। ਜਦੋਂ ਦਿੱਲੀ 'ਤੇ ਪ੍ਰਮਾਣੂ ਹਮਲਾ ਹੋਵੇਗਾ ਅਤੇ ਰਾਸ਼ਟਰਪਤੀ ਭਵਨ ਉਡੇਗਾ, ਉਦੋਂ ਤੈਨੂੰ ਪਤਾ ਲੱਗੇਗਾ।ਇਸ ਦੇ ਤੁਰੰਤ ਬਾਅਦ ਉਕਤ ਨੌਜਵਾਨ ਨੇ 100 ਨੰਬਰ 'ਤੇ ਫੋਨ ਕਰ ਕੇ ਪੁਲਸ ਨੂੰ ਧਮਕੀ ਬਾਰੇ ਦੱਸਿਆ। ਪੁਲਸ ਨੂੰ ਬੁੱਧਵਾਰ ਰਾਤ 10.30 ਵਜੇ ਇਹ ਫੋਨ ਆਇਆ ਜਿਸ ਦੇ ਤੁਰੰਤ ਬਾਅਦ ਦਿੱਲੀ ਪੁਲਸ, ਆਈ. ਬੀ. ਅਤੇ ਸੁਰੱੱਖਿਆ ਏਜੰਸੀਆਂ ਚੌਕਸ ਹੋ ਗਈਆਂ। ਤੁਰੰਤ ਇਕ ਸਾਂਝੀ ਟੀਮ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ। ਨੌਜਵਾਨ ਕੋਲੋਂ ਰਾਤ ਦੇਰ ਗਏ ਤੱਕ ਪੁੱਛਗਿੱਛ ਕੀਤੀ ਗਈ ਅਤੇ ਫਿਰ ਉਸ ਨੂੰ ਛੱਡ ਦਿੱਤਾ ਗਿਆ। ਸਾਂਝੀ ਟੀਮ ਉਸ ਮੁਟਿਆਰ ਦਾ ਪਤਾ ਲਾਉਣ ਵਿਚ ਵੀਰਵਾਰ ਰਾਤ ਤੱਕ ਜੁਟੀ ਰਹੀ, ਜਿਸ ਨੇ ਨੌਜਵਾਨ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ।
ਪੁਲਸ ਸੂਤਰਾਂ ਮੁਤਾਬਕ ਉਕਤ ਫੋਨ ਲਕਸ਼ਮੀ ਨਗਰ ਨੇੜਲੇ ਗੁਰੂ ਰਾਮਦਾਸ ਨਗਰ ਵਿਖੇ ਰਹਿਣ ਵਾਲੇ ਇਕ ਨੌਜਵਾਨ ਨੇ ਕੀਤਾ ਸੀ, ਜੋ ਸੀ. ਏ. ਦਾ ਵਿਦਿਆਰਥੀ ਹੈ। ਇਸ ਸਮੇਂ ਦੇਸ਼ ਵਿਚ ਜਿਸ ਤਰ੍ਹਾਂ ਦਾ ਮਾਹੌਲ ਹੈ ਅਤੇ ਜਿਸ ਤਰ੍ਹਾਂ ਦਿੱਲੀ ਵਿਚ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਗਈ, ਨੂੰ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਗੰਭੀਰਤਾ ਨਾਲ ਲਿਆ। ਪਤਾ ਲੱਗਾ ਹੈ ਕਿ ਉਕਤ ਵਿਦਿਆਰਥੀ ਇਕ ਮਨੋਵਿਗਿਆਨਿਕ ਬੀਮਾਰੀ ਦਾ ਸ਼ਿਕਾਰ ਵੀ ਹੈ। ਉਸ ਦਾ ਇਲਾਜ ਵੀ ਹੋ ਰਿਹਾ ਹੈ। ਪੁਲਸ ਮੁਤਾਬਕ ਮੁਟਿਆਰ ਦਾ ਪਤਾ ਲੱਗਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ।