ਕੋਰੋਨਾ ਟੀਕਾਕਰਨ ਦੀ ਹੌਲੀ ਰਫ਼ਤਾਰ ਅਤੇ ਵੈਕਸੀਨ ਦੀ ਕਿੱਲਤ ਚਿੰਤਾਜਨਕ : ਭੂਪਿੰਦਰ ਹੁੱਡਾ
Friday, Jul 09, 2021 - 05:56 PM (IST)
ਹਰਿਆਣਾ- ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਸੂਬੇ 'ਚ ਕੋਰੋਨਾ ਟੀਕਾਕਰਨ ਦੀ ਹੌਲੀ ਰਫ਼ਤਾਰ ਅਤੇ ਵੈਕਸੀਨ ਦੀ ਕਿੱਲਤ 'ਤੇ ਚਿੰਤਾ ਜਤਾਈ ਹੈ। ਹੁੱਡਾ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਸੂਬੇ 'ਚ ਆਏ ਦਿਨ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਰੋਨਾ ਵੈਕਸੀਨ ਦੇ ਖ਼ਤਮ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ। ਕਈ ਜਗ੍ਹਾ ਟੀਕਾਕਰਨ ਕੇਂਦਰਾਂ 'ਤੇ ਪੁਲਸ ਬੁਲਾਉਣ ਤੱਕ ਦੀ ਨੌਬਤ ਆ ਰਹੀ ਹੈ। ਵੱਡੀ ਗਿਣਤੀ 'ਚ ਟੀਕਾਕਰਨ ਕਰਵਾਉਣ ਪਹੁੰਚ ਰਹੇ ਲੋਕਾਂ ਨੂੰ ਪੂਰੀ ਮਾਤਰਾ 'ਚ ਵੈਕਸੀਨ ਨਾ ਹੋਣ ਨਾਲ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬੇ ਦੀ ਮੌਜੂਦਾ ਸਰਕਾਰ ਨੇ ਬੀਤੇ 7 ਸਾਲਾਂ 'ਚ ਇਕ ਵੀ ਨਵੇਂ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਨਿਰਮਾਣ ਨਹੀਂ ਕੀਤਾ ਅਤੇ ਨਾ ਹੀ ਹਸਪਤਾਲਾਂ 'ਚ ਕਿੱਲਤ ਦੇ ਬਾਵਜੂਦ ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੇਸ਼ ਅਤੇ ਸੂਬੇ ਨੂੰ ਕਾਫ਼ੀ ਨੁਕਸਾਨ ਪਹੁੰਚਾ ਚੁਕੀ ਹੈ। ਇਸ ਲਈ ਤੀਜੀ ਲਹਿਰ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਪੂਰੀ ਤਿਆਰੀ ਕਰਨਾ ਜ਼ਰੂਰੀ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦਾ ਸਭ ਤੋਂ ਸੁਰੱਖਿਅਤ ਕਵਚ ਟੀਕਾਕਰਨ ਹੈ ਅਤੇ ਅਜਿਹੇ 'ਚ ਜਲਦ ਸੂਬੇ ਦੀ ਜਨਤਾ ਨੂੰ ਵੈਕਸੀਨ ਦੀਆਂ ਦੋਵੇਂ ਡੋਜ ਲਗਾ ਕੇ ਕੋਰੋਨਾ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।