ਵਿਕਰਮਾਦਿਤਿਆ ਨੇ ਸੂਰਜ ਦੇ ਅਧਿਐਨ ਲਈ ਬਣਵਾਇਆ ਸੀ ਕੁਤਬ ਮੀਨਾਰ
Thursday, May 19, 2022 - 09:42 AM (IST)
ਨਵੀਂ ਦਿੱਲੀ- ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵਿਭਾਗ ਦੇ ਇਕ ਸਾਬਕਾ ਅਧਿਕਾਰੀ ਧਰਮਵੀਰ ਸ਼ਰਮਾ ਨੇ ਕੁਤਬ ਮੀਨਾਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਕੁਤਬ ਮੀਨਾਰ ਦਾ ਨਿਰਮਾਣ 5ਵੀਂ ਸ਼ਤਾਬਦੀ ’ਚ ਸਮਰਾਟ ਵਿਕਰਮਾਦਿਤਿਆ ਨੇ ਕਰਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਵਿਕਰਮਾਦਿਤਿਆ ਨੇ ਇਹ ਮੀਨਾਰ ਇਸ ਲਈ ਬਣਵਾਇਆ ਸੀ, ਕਿਉਂਕਿ ਉਹ ਸੂਰਜ ਦੀਆਂ ਹਲਾਤਾਂ ’ਤੇ ਅਧਿਐਨ ਕਰਨਾ ਚਾਹੁੰਦੇ ਸਨ। ਏ. ਐੱਸ. ਆਈ. ਦੇ ਸਾਬਕਾ ਰਿਜਨਲ ਡਾਇਰੈਕਟਰ ਧਰਮਵੀਰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਕੁਤਬ ਮੀਨਾਰ ਨੂੰ ਕੁਤਬ-ਉਦ-ਦੀਨ ਐਬਕ ਨੇ ਨਹੀਂ ਬਣਵਾਇਆ ਸੀ। ਉਨ੍ਹਾਂ ਕਿਹਾ, ‘‘ਇਹ ਕੁਤਬ ਮੀਨਾਰ ਨਹੀਂ, ਸੰਨ ਟਾਵਰ ਹੈ। ਮੇਰੇ ਕੋਲ ਇਸ ਸੰਬੰਧ ’ਚ ਬਹੁਤ ਸਾਰੇ ਸਬੂਤ ਹਨ।’’
ਉਨ੍ਹਾਂ ਕਿਹਾ ਕਿ ਕੁਤਬ ਮੀਨਾਰ ਦੇ ਟਾਵਰ ’ਚ 25 ਇੰਚ ਦਾ ਟਿਲਟ (ਝੁਕਾਅ) ਹੈ, ਕਿਉਂਕਿ ਇੱਥੋਂ ਸੂਰਜ ਦਾ ਅਧਿਐਨ ਕੀਤਾ ਜਾਂਦਾ ਸੀ। ਇਸ ਲਈ 21 ਜੂਨ ਨੂੰ ਸੂਰਜ ਅਕਾਸ਼ ’ਚ ਜਗ੍ਹਾ ਬਦਲ ਰਿਹਾ ਸੀ ਉਦੋਂ ਵੀ ਕੁਤਬ ਮੀਨਾਰ ਦਾ ਉਸ ਜਗ੍ਹਾ ’ਤੇ ਅੱਧੇ ਘੰਟੇ ਤਕ ਪਰਛਾਵਾਂ ਨਹੀਂ ਪਿਆ। ਇਹ ਵਿਗਿਆਨ ਹੈ ਅਤੇ ਪੁਰਾਤੱਤਵ ਸਬੂਤ ਵੀ।
ਔਰੰਗਜ਼ੇਬ ਦੇ ਮਕਬਰੇ ਦੀ ਵਧਾਈ ਸੁਰੱਖਿਆ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਇਕ ਨੇਤਾ ਦੇ ਉਸ ਕਥਿਤ ਬਿਆਨ ਤੋਂ ਬਾਅਦ ਔਰੰਗਾਬਾਦ ’ਚ ਸਥਿਤ ਔਰੰਗਜ਼ੇਬ ਦੇ ਮਕਬਰੇ ਦੀ ਵਾਧੂ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਮੁਗਲ ਬਾਦਸ਼ਾਹ ਦੀ ਆਖਰੀ ਆਰਾਮਗਾਹ ਨੂੰ ਜ਼ਮੀਨਦੋਜ਼ ਕਰ ਦਿੱਤਾ ਜਾਣਾ ਚਾਹੀਦਾ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਨਸੇ ਦੇ ਬੁਲਾਰੇ ਗਜਾਨਨ ਕਾਲੇ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਇੱਥੇ ਔਰੰਗਜ਼ੇਬ ਦੇ ਮਕਬਰੇ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਲਈ ਉਸ ਨੂੰ ਢਾਹ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਲੋਕ ਉੱਥੇ ਨਾ ਜਾਣ। ਧਿਆਨ ਯੋਗ ਹੈ ਕਿ ਹਾਲ ’ਚ ਆਲ ਇੰਡੀਆ ਮਜਲਿਸ-ਏ-ਇੱਤੇਹਾਦ-ਉਲ ਮੁਸਲਿਮੀਨ (ਏ. ਆਈ. ਐੱਮ. ਈ. ਐੱਮ.) ਨੇਤਾ ਅਕਬਰੁੱਦੀਨ ਓਵੈਸੀ ਨੇ ਔਰੰਗਜ਼ੇਬ ਦੇ ਮਕਬਰੇ ’ਤੇ ਜਾ ਕੇ ਨਮਾਜ਼ ਅਦਾ ਕੀਤੀ ਸੀ।