ਓਡੀਸ਼ਾ ਦੇ ਲੋਕਾਂ ਨੇ ਬਦਲਾਅ ਦਾ ਮਨ ਬਣਾ ਲਿਆ, ਬੀਜਦ ਲਈ ਟਿਕੇ ਰਹਿਣਾ ਮੁਸ਼ਕਲ ਹੈ: PM ਮੋਦੀ

Monday, May 20, 2024 - 01:52 PM (IST)

ਓਡੀਸ਼ਾ ਦੇ ਲੋਕਾਂ ਨੇ ਬਦਲਾਅ ਦਾ ਮਨ ਬਣਾ ਲਿਆ, ਬੀਜਦ ਲਈ ਟਿਕੇ ਰਹਿਣਾ ਮੁਸ਼ਕਲ ਹੈ: PM ਮੋਦੀ

ਭੁਵਨੇਸ਼ਵਰ- ਓਡੀਸ਼ਾ 'ਚ ਭਾਜਪਾ ਦੇ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸੂਬੇ ਵਿਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜਦ) ਖਿਲਾਫ਼ ਸੱਤਾ ਵਿਰੋਧੀ ਬਹੁਤ ਮਜ਼ਬੂਤ ਲਹਿਰ ਵੇਖ ਰਹੇ ਹਾਂ, ਜਿਸ ਕਾਰਨ ਇਸ ਖੇਤਰੀ ਦਲ ਲਈ ਟਿਕੇ ਰਹਿਣਾ ਹੁਣ ਬਹੁਤ ਮੁਸ਼ਕਲ ਹੈ।  ਚੋਣ ਪ੍ਰਚਾਰ ਲਈ ਪੂਰਬੀ ਸੂਬੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਰਾਤ ਇਕ ਇੰਟਰਵਿਊ ਵਿਚ ਕਿਹਾ ਕਿ ਲੋਕਾਂ ਨੇ ਓਡੀਸ਼ਾ ਵਿਚ ਬਦਲਾਅ ਦਾ ਮਨ ਬਣਾ ਲਿਆ ਹੈ। ਓਡੀਸ਼ਾ ਵਿਚ ਸੰਸਦੀ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਵਿਚ ਸਰਕਾਰ ਚੁਣਨ ਲਈ ਲੋਕ ਭਾਜਪਾ ਨੂੰ ਵੋਟ ਪਾਉਣਗੇ, ਜਦਕਿ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਖਿਲਾਫ਼ ਸੱਤਾ ਵਿਰੋਧੀ ਲਹਿਰ ਕਾਰਨ ਸਮਾਜ ਦਾ ਇਕ ਵਰਗ ਬੀਜਦ ਦੇ ਵਿਰੋਧ ਵਿਚ ਵੋਟਿੰਗ ਕਰੇਗਾ। 

ਭਾਜਪਾ ਕੋਲ ਪਟਨਾਇਕ ਵਰਗਾ ਕੋਈ ਹਰਮਨਪਿਆਰਾ ਚਿਹਰਾ ਨਾ ਹੋਣ ਅਤੇ ਪਾਰਟੀ ਦੀਆਂ ਚੋਣ ਸੰਭਾਵਨਾਵਾਂ 'ਤੇ ਇਸ ਦੇ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੇ ਭਰੋਸੇ ਦੇ ਆਧਾਰ 'ਤੇ ਚੋਣਾਂ ਜਿੱਤਾਂਗੇ। ਭਾਵੇਂ ਸਾਡੇ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ, ਫਿਰ ਵੀ ਅਸੀਂ ਵਿਧਾਨ ਸਭਾ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਹਾਂ। ਅਸੀਂ ਲੋਕ ਸਭਾ ਚੋਣਾਂ ਵਿਚ ਵੀ (ਸੂਬੇ ਵਿਚ) ਦੂਜੇ ਨੰਬਰ 'ਤੇ ਰਹੇ ਹਾਂ। ਮੇਰੀ ਪਾਰਟੀ ਨੇ ਪਿਛਲੇ ਪੰਜ ਸਾਲਾਂ ਵਿਚ ਦੂਜੇ ਸਥਾਨ ਤੋਂ ਪਹਿਲੇ ਸਥਾਨ 'ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਆਪਣੀਆਂ ਰੈਲੀਆਂ ਵਿਚ ਦੇਖ ਰਿਹਾ ਹਾਂ ਕਿ ਸੂਬਾ ਸਰਕਾਰ ਦੇ ਖਿਲਾਫ ਨਕਾਰਾਤਮਕ ਭਾਵਨਾ ਬਹੁਤ ਜ਼ਿਆਦਾ ਹੈ, ਇਸ ਲਈ ਬੀਜੇਡੀ ਦਾ ਬਚਣਾ ਬਹੁਤ ਮੁਸ਼ਕਲ ਹੈ। ਲੋਕ ਸਭਾ ਚੋਣਾਂ ਵੱਖਰੇ ਤੌਰ 'ਤੇ ਲੜਨ ਦਾ ਫੈਸਲਾ ਕਰਨ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਬਾਰੇ ਗੱਲਬਾਤ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ 2014 ਅਤੇ 2019 ਦੀਆਂ ਚੋਣਾਂ ਬੀਜੇਡੀ ਵਿਰੁੱਧ ਲੜੀਆਂ ਸਨ।


author

Tanu

Content Editor

Related News