ਡਿਜੀਟਲ ਸੁਣਵਾਈ ''ਚ ਬਿਸਤਰ ''ਤੇ ਲੇਟੇ ਹੋਏ ਪੇਸ਼ ਹੋਇਆ ਵਕੀਲ
Sunday, Jun 21, 2020 - 01:03 AM (IST)
ਨਵੀਂ ਦਿੱਲੀ - ਸੁਪਰੀਮ ਕੋਰਟ ਵਿਚ ਡਿਜੀਟਲ ਸੁਣਵਾਈ ਦੌਰਾਨ ਇਕ ਵਕੀਲ ਟੀ-ਸ਼ਰਟ ਪਾ ਕੇ ਬਿਸਤਰ 'ਤੇ ਲੇਟ ਕੇ ਪੇਸ਼ ਹੋਇਆ, ਜਿਸ 'ਤੇ ਜੱਜ ਨੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਸੁਣਵਾਈ ਦੀ ਪ੍ਰਕਿਰਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਦੇ ਘਟੋਂ-ਘੱਟ ਸਲੀਕੇ ਦਾ ਪਾਲਣ ਕੀਤਾ ਜਾਵੇ।
ਸੁਪਰੀਮ ਕੋਰਟ ਨੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੁਕੱਦਮਿਆਂ ਵਿਚ ਹਿੱਸਾ ਲੈ ਰਹੇ ਵਕੀਲ ਪੇਸ਼ ਹੋਣ ਯੋਗ ਨਜ਼ਰ ਆਉਣੇ ਚਾਹੀਦੇ ਹਨ ਅਤੇ ਅਜਿਹੀਆਂ ਤਸਵੀਰਾਂ ਦਿਖਾਉਣ ਤੋਂ ਬਚਣਾ ਚਾਹੀਦਾ ਜੋ ਠੀਕ ਨਹੀਂ ਹਨ। ਜਸਟਿਸ ਐਸ. ਰਵਿੰਦਰ ਭੱਟ ਨੇ ਵਕੀਲ ਦੀ ਇਸ ਸਬੰਧ ਵਿਚ ਮੁਆਫੀ ਸਵੀਕਾਰ ਕਰ ਲਈ।
ਦਰਅਸਲ, ਇਹ ਘਟਨਾ ਉਦੋਂ ਹੋਈ ਜਦ ਸੁਪਰੀਮ ਕੋਰਟ ਹਰਿਆਣਾ ਵਿਚ ਰੇਵਾੜੀ ਦੀ ਇਕ ਪਰਿਵਾਰਕ ਅਦਾਲਤ ਵਿਚ ਵਿਚਾਰ ਅਧੀਨ ਮਾਮਲੇ ਨੂੰ ਬਿਹਾਰ ਦੇ ਜਹਾਨਾਬਾਦ ਵਿਚ ਸਮਰੱਥ ਅਦਾਲਤ ਵਿਚ ਤਬਦੀਲ ਕਰਨ ਦੀ ਅਪੀਲ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਇਸ ਸਾਲ ਅਪ੍ਰੈਲ ਵਿਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ, ਜਦ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ਸੁਣਵਾਈ ਵਿਚ ਇਕ ਵਕੀਲ ਬਨੈਨ ਪਾ ਕੇ ਪੇਸ਼ ਹੋਇਆ ਸੀ, ਜਿਸ 'ਤੇ ਰਾਜਸਥਾਨ ਹਾਈ ਕੋਰਟ ਨੇ ਨਰਾਜ਼ਗੀ ਜਤਾਈ ਸੀ।