ਮੋਦੀ ਦੀ ਅਮਰੀਕਾ ਯਾਤਰਾ ’ਚ ਛਾਇਆ ਰਹੇਗਾ ਅਫਗਾਨਿਸਤਾਨ ਦਾ ਮੁੱਦਾ
Wednesday, Sep 22, 2021 - 02:21 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਨਾਲ 24 ਸਤੰਬਰ ਨੂੰ ਹੋਣ ਵਾਲੀ ਪਹਿਲੀ ਦੋ-ਪੱਖੀ ਮੀਟਿੰਗ ਮਹੱਤਵਪੂਰਨ ਹੋਵੇਗੀ। ਇਸ ਵਿਚ ਅਫਗਾਨਿਸਤਾਨ ਅਤੇ ਅੱਤਵਾਦ ਦਾ ਮੁੱਦਾ ਛਾਇਆ ਰਹੇਗਾ ਉਥੇ ਵ੍ਹਾਈਟ ਹਾਊਸ ਨੇ ਕਿਹਾ ਕਿ ਮੋਦੀ ਤੇ ਬਾਈਡੇਨ ਦੀ ਮੀਟਿੰਗ ਤੋਂ ਭਾਰਤ-ਅਮਰੀਕਾ ਸਬੰਧ ਮਜ਼ਬੂਤ ਹੋਣਗੇ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਈਡੇਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਦੋਵੇਂ ਨੇਤਾ ਪਹਿਲੀ ਵਾਰ ਇਕ-ਦੂਜੇ ਦੇ ਆਹਮਣੇ-ਸਾਹਮਣੇ ਬੈਠ ਕੇ ਗੱਲਬਾਤ ਕਰਨਗੇ। ਉਨ੍ਹਾਂ ਨੇ 22 ਤੋਂ 25 ਸਤੰਬਰ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਅਧਿਕਾਰਤ ਦੌਰੇ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਇਸ ’ਚ ਦੋ-ਪੱਖੀ ਅਤੇ ਨਿਵੇਸ਼ ਸੰਬੰਧਾਂ ਨੂੰ ਮਜ਼ਬੂਤ ਕਰਨ, ਰੱਖਿਆ ਅਤੇ ਸਹਿਯੋਗ ਵਧਾਉਣ ਤੇ ਰਣਨੀਤਕ ਮਹੱਤਵ ਦੀ ਸਵੱਛਤਾ ਊਰਜਾ ਸਾਂਝੇਦਾਰੀ ਨੂੰ ਵਧਾਉਣ ’ਤੇ ਦੋਹਾਂ ਨੇਤਾਵਾਂ ਵਲੋਂ ਜ਼ੋਰ ਦਿੱਤੇ ਜਾਣ ਦੀ ਉਮੀਦ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਮੋਦੀ ਬੁੱਧਵਾਰ ਨੂੰ ਅਮਰੀਕਾ ਰਵਾਨਾ ਹੋਣਗੇ ਅਤੇ 26 ਸਤੰਬਰ ਨੂੰ ਭਾਰਤ ਪਰਤਣਗੇ।
ਇਹ ਵੀ ਪੜ੍ਹੋ : PM ਮੋਦੀ ਨੇ ਸੰਸਦੀ ਚੋਣਾਂ ’ਚ ਜਿੱਤ ਲਈ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ
ਰਾਸ਼ਟਰਪਤੀ ਬਾਈਡੇਨ ਨਾਲ ਦੋ ਪੱਖੀ ਗੱਲਬਾਤ ਤੋਂ ਇਲਾਵਾ ਪ੍ਰਧਾਨ ਮੰਤਰੀ 24 ਸਤੰਬਰ ਨੂੰ ‘ਕਵਾਡ’ ਨੇਤਾਵਾਂ ਦੀ ਬੈਠਕ ’ਚ ਸ਼ਾਮਲ ਹੋਣਗੇ ਅਤੇ ਅਗਲੇ ਦਿਨ ਨਿਊਯਾਰਕ ਸੰਯੁਕਤ ਰਾਸ਼ਟਰ ਮਹਾਸਭਾ ਦੀ ਉੱਚ ਪੱਧਰੀ ਆਮ ਬਹਿਸ ਨੂੰ ਸੰਬੋਧਨ ਕਰਨਗੇ। ਸ਼ਰਿੰਗਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਆਪਣੇ ਆਸਟ੍ਰੇਲੀਆਈ ਤੇ ਜਾਪਾਨੀ ਹਮਅਹੁਦੇਦਾਰਾਂ ਨਾਲ ਵੀ ਗੱਲਬਾਤ ਕਰਨਗੇ। ਸ਼ਰਿੰਗਲਾ ਨੇ ਕਿਹਾ,‘‘ਦੋ ਪੱਖੀ ਬੈਠਕ (ਮੋਦੀ ਅਤੇ ਬਾਈਡੇਨ ਦੀ) ’ਚ ਅਫ਼ਗਾਨਿਸਤਾਨ ਦੇ ਹਾਲੀਆ ਘਟਨਾਕ੍ਰਮ ਦੇ ਬਾਅਦ ਦੀ ਮੌਜੂਦਾ ਖੇਤੀ ਸੁਰੱਖਿਆ ਸਥਿਤੀ, ਗੁਆਂਢੀ ਅਤੇ ਅਫ਼ਗਾਨਿਸਤਾਨ ਦੇ ਲੰਬੀ ਮਿਆਦ ਵਾਲੇ ਵਿਕਾਸ ਸਾਂਝੇਦਾਰ ਦੇ ਤੌਰ ’ਤੇ ਸਾਡੇ ਹਿੱਤਾਂ ’ਤੇ ਵੀ ਚਰਚਾ ਹੋਵੇਗੀ।’’ ਉਨ੍ਹਾਂ ਕਿਹਾ,‘‘ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਬਹੁ ਪੱਖੀ ਪ੍ਰਣਾਲੀ ਨੂੰ ਵਿਸਥਾਰਿਤ ਕਰਨ ’ਤੇ ਵੀ ਚਰਚਾ ਕਰਨਗੇ।’’
ਇਹ ਵੀ ਪੜ੍ਹੋ : ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਈ ਗਈ ਗੁਰਮੁਖੀ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ