ਜੇਲ੍ਹ 'ਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ; ਹਾਈ ਕੋਰਟ ਨੇ ਲਿਆ ਨੋਟਿਸ
Thursday, Nov 09, 2023 - 01:56 PM (IST)
ਹਰਿਆਣਾ- ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ 'ਚੋਂ ਇਕ ਨਿੱਜੀ ਟੀ. ਵੀ. ਚੈਨਲ ਨੂੰ ਇੰਟਰਵਿਊ ਦੇਣ ਦਾ ਮਾਮਲਾ ਮੁੜ ਭਖ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਰੈਂਸ ਦੇ ਇੰਟਰਵਿਊ 'ਤੇ ਨੋਟਿਸ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ SIT ਵੀ ਬਣਾਈ ਗਈ ਸੀ। ਹੁਣ ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ SIT ਨੇ ਹੁਣ ਤੱਕ ਕੀ ਜਾਂਚ ਕੀਤੀ? ਇਸ ਦਾ ਪੰਜਾਬ ਸਰਕਾਰ ਤੋਂ ਦੁਪਹਿਰ 2 ਵਜੇ ਤੱਕ ਜਵਾਬ ਮੰਗਿਆ ਹੈ। ਵੱਡਾ ਸਵਾਲ ਇਹ ਹੈ ਕਿ ਜੇਲ੍ਹ 'ਚ ਬੈਠਾ ਗੈਂਗਸਟਰ ਕਿਸੇ ਟੀ. ਵੀ. ਚੈਨਲ ਨੂੰ ਕਿਵੇਂ ਇੰਟਰਵਿਊ ਦੇ ਸਕਦਾ ਹੈ? ਹਾਲਾਂਕਿ ਇਹ ਵੀ ਸਾਫ ਨਹੀਂ ਹੈ ਕਿ ਜਦੋਂ ਲਾਰੈਂਸ ਨੇ ਇਹ ਇੰਟਰਵਿਊ ਦਿੱਤਾ ਸੀ, ਉਹ ਕਿਸ ਜੇਲ੍ਹ ਵਿਚ ਬੰਦ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਨਾਲ ਗੈਂਗਸਟਰ ਲਾਰੈਂਸ ਦਾ ਇੰਟਰਵਿਊ ਟੀ. ਵੀ. 'ਤੇ ਪ੍ਰਸਾਰਿਤ ਕੀਤਾ ਗਿਆ ਸੀ, ਉਹ ਦਰਸਾਉਂਦਾ ਹੈ ਕਿ ਜੇਲ੍ਹਾਂ ਅਪਰਾਧੀਆਂ ਲਈ ਸੇਫ ਹੋਮ ਬਣ ਗਈਆਂ ਹਨ। ਜੇਲ੍ਹ ਮੈਨੁਅਲ ਮੁਤਾਬਕ ਕਿਸੇ ਕੈਦੀ ਨੂੰ ਮੋਬਾਇਲ, ਇੰਟਰਨੈੱਟ ਦੀ ਸਹੂਲਤਾਂ ਦੀ ਮਨਾਹੀ ਹੈ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਦਾ ਇੰਟਰਵਿਊ ਹੋਣਾ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਜ਼ਿਕਰਯੋਗ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਤੋਂ ਇਕ ਇੰਟਰਵਿਊ ਸਾਹਮਣੇ ਆਇਆ ਸੀ। ਕਤਲ, ਅਗਵਾ ਸਣੇ ਕਈ ਸੰਗੀਨ ਅਪਰਾਧਾਂ ਵਿਚ ਨਾਮਜ਼ਦ ਲਾਰੈਂਸ ਬਿਸ਼ਨੋਈ ਸਾਲ 2014 ਤੋਂ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਕੈਦ ਹੈ। ਇਕ ਨਿੱਜੀ ਚੈਨਲ ਵਲੋਂ ਉਸ ਦਾ ਜੇਲ੍ਹ ਵਿਚ ਹੀ ਇੰਟਰਵਿਊ ਲਿਆ ਗਿਆ ਸੀ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਇੰਟਰਵਿਊ ਪੁਰਾਣਾ ਹੈ ਅਤੇ ਜੇਲ੍ਹ ਦਾ ਨਹੀਂ ਹੈ।
ਦੱਸ ਦੇਈਏ ਕਿ 14 ਮਾਰਚ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ ਨਾਲ ਵੀ ਮਾਮਲਾ ਸ਼ਾਂਤ ਨਹੀਂ ਹੋਇਆ ਜਦੋਂ 17 ਮਾਰਚ ਨੂੰ ਇਸੇ ਚੈਨਲ ਨਾਲ ਗੈਂਗਸਟਰ ਦੀ ਇਕ ਹੋਰ ਇੰਟਰਵਿਊ ਸਾਹਮਣੇ ਆਈ। ਹਾਲਾਂਕਿ ਪਹਿਲੀ ਇੰਟਰਵਿਊ ਤੋਂ ਬਾਅਦ ਪੰਜਾਬ ਦੇ ਡੀ. ਜੀ, ਪੀ ਗੋਰਵ ਯਾਦਵ ਨੇ ਕਿਹਾ ਕਿ ਇਹ ਘਟਨਾ ਪੰਜਾਬ ਦੀ ਕਿਸੇ ਜੇਲ੍ਹ ਵਿਚ ਨਹੀਂ ਵਾਪਰੀ। ਇਸ ਪੂਰੇ ਵਿਵਾਦ 'ਤੇ ਪੰਜਾਬ ਪੁਲਸ ਨੇ ਸਾਫ ਕੀਤਾ ਸੀ ਕਿ ਇੱਥੇ ਸੁਰੱਖਿਆ ਵਿਵਸਥਾ ਸਖ਼ਤ ਹੈ ਅਤੇ ਇੱਥੇ ਕੋਈ ਜੇਲ੍ਹ ਅੰਦਰ ਇੰਟਰਿਵਊ ਨਹੀਂ ਦੇ ਸਕਦਾ। ਪੰਜਾਬ ਪੁਲਸ ਦੀ ਸਫਾਈ ਮਗਰੋਂ ਇਹ ਮਿਸਟਰੀ ਹੋਰ ਉਲਝ ਗਈ ਹੈ ਕਿ ਲਾਰੈਂਸ ਨੇ ਇਹ ਇੰਟਰਵਿਊ ਕਿੱਥੇ ਦਿੱਤਾ।