ਸਿਨੇਮਾਘਰਾਂ ''ਚ ਫਿਲਮ ਤੋਂ ਪਹਿਲਾਂ ਰਾਸ਼ਟਰਗੀਤ ਜ਼ਰੂਰੀ ਕਰਨ ਦੀ ਪਟੀਸ਼ਨ ''ਤੇ ਹਾਈ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ
Monday, Oct 17, 2016 - 06:00 PM (IST)

ਨਵੀਂ ਦਿੱਲੀ— ਸਿਨੇਮਾਘਰਾਂ ''ਚ ਹਰੇਕ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਗੀਤ ਜ਼ਰੂਰੀ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ''ਤੇ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤੇ। ਚੀਫ ਜਸਟਿਸ ਜੀ ਰੋਹਿਣੀ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਨੇ ਕੇਂਦਰ ਅਤੇ ''ਆਪ'' ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਸੁਣਵਾਈ ਦੀ ਅਗਲੀ ਤਰੀਕ 14 ਦਸੰਬਰ ਤੱਕ ਜਵਾਬ ਮੰਗਿਆ। ਪਟੀਸ਼ਨ ਹਰਸ਼ ਨਾਗਰ ਨੇ ਦਾਇਰ ਕੀਤੀ ਹੈ ਜੋ ਫਿਲਹਾਲ ਬਾਲੀਵੁੱਡ ''ਚ ਆਪਣਾ ਕੈਰੀਅਰ ਬਣਾ ਰਹੇ ਹਨ।
ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਗੀਤ ਦੀ ਪਰੰਪਰਾ ਮਹਾਰਾਸ਼ਟਰ ਅਤੇ ਕੁਝ ਦੱਖਣੀ ਰਾਜਾਂ ''ਚ ਬਰਕਰਾਰ ਹੈ। ਉਨ੍ਹਾਂ ਨੇ ਤਰਕ ਦਿੱਤਾ ਕਿ ਕੁਝ ਦਹਾਕੇ ਪਹਿਲਾਂ ਤੱਕ ਫਿਲਮ ਦਿਖਾਏ ਜਾਣ ਤੋਂ ਬਾਅਦ ਰਾਸ਼ਟਰਗੀਤ ਜ਼ਰੂਰੀ ਰੂਪ ਨਾਲ ਵਜਾਇਆ ਜਾਂਦਾ ਸੀ ਪਰ ਇਹ ਪਰੰਪਰਾ ਇਸ ਲਈ ਬੰਦ ਹੋ ਗਈ, ਕਿਉਂਕਿ ਲੋਕ ਫਿਲਮ ਖਤਮ ਹੁੰਦੇ ਹੀ ਸਿਨੇਮਾਘਰਾਂ ਤੋਂ ਬਾਹਰ ਨਿਕਲ ਜਾਂਦੇ ਸਨ। ਨਾਗਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਗੀਤ ਵਜਾਉਣਾ ਜ਼ਰੂਰੀ ਕਰਨ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ।