ਸਰਹੱਦ ’ਤੇ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਹੋਣਗੇ ਯਤਨ : ਜੈਸ਼ੰਕਰ
Wednesday, Jun 12, 2024 - 12:52 AM (IST)
ਨਵੀਂ ਦਿੱਲੀ, (ਭਾਸ਼ਾ)- ਵਿਦੇਸ਼ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਕੁਝ ਹੀ ਸਮੇਂ ਬਾਅਦ ਐੱਸ. ਜੈਸ਼ੰਕਰ ਨੇ ਪਾਕਿਸਤਾਨ ਵੱਲੋਂ ਹੋਣ ਵਾਲੇ ਸਰਹੱਦ ਪਾਰ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਯਤਨ ਕੀਤੇ ਜਾਣਗੇ।
ਵਿਦੇਸ਼ ਮੰਤਰੀ ਨੇ ਕਿਹਾ ਕਿ ‘ਭਾਰਤ ਪ੍ਰਥਮ’ ਅਤੇ ‘ਵਸੁਧੈਵ ਕੁਟੁੰਬਕਮ’ ਭਾਰਤੀ ਵਿਦੇਸ਼ ਨੀਤੀ ਦੇ ਦੋ ਮਾਰਗ-ਦਰਸ਼ਕ ਸਿਧਾਂਤ ਹੋਣਗੇ। ਚੀਨ ਨਾਲ ਸਬੰਧਾਂ ’ਤੇ ਜੈਸ਼ੰਕਰ ਨੇ ਕਿਹਾ ਕਿ ਉਸ ਦੇਸ਼ ਦੀ ਸਰਹੱਦ ’ਤੇ ਕੁਝ ਮੁੱਦੇ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਚੀਨ ਨੂੰ ਲੈ ਕੇ ਸਾਡਾ ਧਿਆਨ ਇਸ ਗੱਲ ’ਤੇ ਹੋਵੇਗਾ ਕਿ ਬਾਕੀ ਮੁੱਦਿਆਂ ਨੂੰ ਕਿਵੇਂ ਸੁਲਝਾਇਆ ਜਾਵੇ।’’ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਮਈ 2020 ਤੋਂ ਤਣਾਅ ਚੱਲ ਰਿਹਾ ਹੈ ਅਤੇ ਸਰਹੱਦੀ ਵਿਵਾਦ ਅਜੇ ਤੱਕ ਪੂਰੀ ਤਰ੍ਹਾਂ ਸੁਲਝ ਨਹੀਂ ਸਕਿਆ ਹੈ।
ਹਾਲਾਂਕਿ, ਦੋਵੇਂ ਧਿਰ ਕਈ ਝਗੜੇ ਵਾਲੇ ਬਿੰਦੂਆਂ ਤੋਂ ਪਿੱਛੇ ਹਟ ਗਏ ਹਨ। ਇਸਲਾਮਾਬਾਦ ਨੂੰ ਲੈ ਕੇ ਨਵੀਂ ਸਰਕਾਰ ਦੇ ਰੁਖ ਬਾਰੇ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਮੁੱਖ ਮੁੱਦੇ ਦੇ ਰੂਪ ’ਚ ਸਰਹੱਦ ਪਾਰ ਅੱਤਵਾਦ ਲਈ ਪਾਕਿਸਤਾਨ ਦੇ ਸਮਰਥਨ ਨੂੰ ਉਭਾਰਿਆ।