ਨੋਬਲ ਪੁਰਸਕਾਰ ਦੇ ਬਰਾਬਰ ਪ੍ਰਿਜ਼ਕਰ ਪੁਰਸਕਾਰ ਜਿੱਤਣ ਵਾਲੇ ਬਾਲਕ੍ਰਿਸ਼ਣ ਦੋਸ਼ੀ ਬਣੇ ਪਹਿਲੇ ਭਾਰਤੀ
Thursday, Mar 08, 2018 - 11:41 AM (IST)

ਨਵੀਂ ਦਿੱਲੀ — ਭਾਰਤ ਦੇ ਸੀਨੀਅਰ ਆਰਕੀਟੈਕਟ ਬਾਲਕ੍ਰਿਸ਼ਣ ਦੋਸ਼ੀ ਜਿਨ੍ਹਾਂ ਨੇ ਨਾ ਸਿਰਫ ਇਮਾਰਤਾਂ ਹੀ ਨਹੀਂ ਸਗੋਂ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਡਿਜ਼ਾਈਨ ਵੀ ਬਣਾਏ। ਉਨ੍ਹਾਂ ਨੂੰ ਆਪਣੇ ਖੇਤਰ ਵਿਚ ਮਹਾਨ ਕਾਰਜ ਕਰਨ ਸਦਕਾ ਨੋਬਲ ਪੁਰਸਕਾਰ ਦੇ ਬਰਾਬਰ ਪ੍ਰਿਜ਼ਕਰ ਆਰਕੀਟੈਕਚਰ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਪੁਣੇ ਵਿਚ ਪੈਦਾ ਹੋਏ 90 ਸਾਲ ਦੇ ਦੋਸ਼ੀ ਇਸ ਸਨਮਾਨ ਨੂੰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਹ ਪ੍ਰਿਜ਼ਕਰ ਐਵਾਰਡ ਜਿੱਤਣ ਵਾਲੇ 45ਵੇਂ ਮੈਂਬਰ ਅਤੇ ਪਹਿਲੇ ਭਾਰਤੀ ਹਨ। ਇਨ੍ਹਾਂ ਤੋਂ ਪਹਿਲਾਂ ਦੁਨੀਆਂ ਦੇ ਮਸ਼ਹੂਰ ਆਰਕੀਟੈਕਟ ਜਾਹਾ ਹਦੀਦ, ਫ੍ਰੈਂਕ ਗਹਰੀ,ਆਈ.ਐੱਮ. ਪੇਈ ਅਤੇ ਸ਼ਿਗੇਰੂ ਬਾਨ ਦੇ ਨਾਮ ਸ਼ਾਮਿਲ ਹਨ।
ਪ੍ਰਿਜ਼ਕਰ ਦੀ ਜਿਊਰੀ ਦਾ ਕਹਿਣਾ ਹੈ ਕਿ ਸਾਲਾਂ ਤੋਂ ਬਾਲਕ੍ਰਿਸ਼ਣ ਦੋਸ਼ੀ ਇਕ ਇਸ ਤਰ੍ਹਾਂ ਦੇ ਆਰਕੀਟੈਕਟ ਹਨ ਜੋ ਕਿ ਗੰਭੀਰ, ਗੈਰ ਦਿਲਚਸਪ ਅਤੇ ਟ੍ਰੈਂਡ ਨੂੰ ਫਾਲੋ ਨਹੀਂ ਕਰਦੇ। ਉਨ੍ਹਾਂ ਦੇ ਅੰਦਰ ਆਪਣੇ ਦੇਸ਼ ਅਤੇ ਲੋਕਾਂ ਦੇ ਜੀਵਨ 'ਚ ਯੋਗਦਾਨ ਪਾਉਣ ਦੀ ਇੱਛਾ ਦੇ ਨਾਲ ਹੀ ਜ਼ਿੰਮੇਵਾਰੀ ਦੀ ਵੀ ਡੂੰਘੀ ਸਮਝ ਹੈ। ਉੱਚ ਕਵਾਲਟੀ, ਵਾਸਤੂਕਲਾ ਦੇ ਜ਼ਰੀਏ ਉਨ੍ਹਾਂ ਨੇ ਜਨਤਕ ਪ੍ਰਸ਼ਾਸਨ ਅਤੇ ਉਪਯੋਗਤਾਵਾਂ, ਸਿੱਖਿਆ ਅਤੇ ਸੈਰ-ਸਪਾਟਾ ਸੰਸਥਾਨਾਂ, ਰਿਹਾਇਸ਼ੀ ਅਤੇ ਪ੍ਰਾਇਵੇਟ ਕਲਾਇੰਟਸ ਲਈ ਅਤੇ ਹੋਰ ਦੂਸਰੀਆਂ ਕਈ ਤਰ੍ਹਾਂ ਦੀਆਂ ਇਮਾਰਤਾਂ ਬਣਾਉਣ ਲਈ ਆਪਣੇ ਹੁਨਰ ਦਾ ਇਸਤੇਮਾਲ ਕੀਤਾ।
ਜਿਊਰੀ ਅਨੁਸਾਰ ਬਾਲ ਕ੍ਰਿਸ਼ਣ ਦੋਸ਼ੀ ਨੇ ਲਗਾਤਾਰ ਇਹ ਦਰਸਾਇਆ ਕਿ ਸਾਰੇ ਚੰਗੇ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾਬੰਦੀ ਨਾ ਸਿਰਫ ਉਦੇਸ਼ ਅਤੇ ਢਾਂਚੇ ਨੂੰ ਇਕਜੁਟ ਕਰਨਾ ਚਾਹੀਦਾ ਹੈ ਸਗੋਂ ਵਿਸ਼ਾਲ ਅਰਥਾਂ ਅਤੇ ਕੰਮ ਦੀ ਡੂੰਘੀ ਸਮਝ ਨਾਲ ਵਾਤਾਵਰਣ, ਸਾਈਟ, ਤਕਨੀਕ ਅਤੇ ਕਰਾਫਟ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪ੍ਰੋਜੈਕਟ ਮਨੁੱਖੀ ਆਤਮਾ ਨਾਲ ਜੁੜਨ ਲਈ ਕਾਰਜਸ਼ੀਲ ਹੋਣੇ ਚਾਹੀਦੇ ਹਨ।
ਉਨ੍ਹਾਂ ਦੀਆਂ ਖਾਸ ਪ੍ਰਾਪਤੀਆਂ ਵਿਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਲੋਂ ਇੰਦੌਰ ਸ਼ਹਿਰ ਵਿਚ ਘੱਟ ਲਾਗਤ ਵਿਚ ਹਰ ਚੀਜ਼ ਉਪਲੱਬਧ ਕਰਵਾ ਕੇ ਹਾਊਸਿੰਗ ਬਲਾਕ ਦੀ ਉਸਾਰੀ ਕਰਨਾ ਸ਼ਾਮਿਲ ਹੈ।
ਮੁੰਬਈ ਦੇ ਜੇਜੇ ਸਕੂਲ ਆਫ ਆਰਕੀਟੈਕਚਰ ਤੋਂ ਪੜ੍ਹਾਈ ਕਰਨ ਵਾਲੇ ਦੋਸ਼ੀ ਨੇ ਸੀਨੀਅਰ ਆਰਕੀਟੈਕਟ ਲੇ ਕੋਰਬਯੂਸਰ ਨਾਲ ਪੈਰਿਸ ਵਿਚ ਸਾਲ 1950 ਵਿਚ ਕੰਮ ਕੀਤਾ। ਇਸ ਤੋਂ ਬਾਅਦ ਉਹ ਭਾਰਤ ਦੇ ਪ੍ਰੋਜੈਕਟ 'ਤੇ ਕੰਮ ਕਰਨ ਲਈ ਵਾਪਸ ਦੇਸ਼ ਪਰਤ ਆਏ। ਉਨ੍ਹਾਂ ਨੇ ਸਾਲ 1955 'ਚ ਆਪਣੇ ਸਟੂਡੀਓ ਵਾਸਤੂ-ਸ਼ਿਲਪ ਦੀ ਸਥਾਪਨਾ ਕੀਤੀ ਅਤੇ ਲੂਈਸ ਕਾਨਹ ਐਂਡ ਅਨੰਤ ਰਾਜੇ ਦੇ ਨਾਲ ਮਿਲ ਕੇ ਅਹਿਮਦਾਬਾਦ ਦੀ ਭਾਰਤੀ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਕੈਂਪਸ ਨੂੰ ਡਿਜ਼ਾਈਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਈ.ਆਈ. ਐੱਮ. ਬੈਂਗਲੁਰੂ ਅਤੇ ਲਖਨਊ , ਦ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲਜੀ, ਟੈਗੋਰ ਮੈਮੋਰੀਅਲ ਹਾਲ, ਅਹਿਮਦਾਬਾਦ ਦੀ ਦਾ ਇੰਸਟੀਚਿਊਟ ਆਫ ਇੰਡੋਲਾਜੀ ਦੇ ਇਲਾਵਾ ਭਾਰਤ ਭਰ 'ਚ ਕਈ ਕੈਂਪਸ ਸਮੇਤ ਇਮਾਰਤਾਂ ਨੂੰ ਡਿਜ਼ਾਈਨ ਕੀਤਾ ਹੈ। ਜਿਨ੍ਹਾਂ ਵਿਚੋਂ ਕੁਝ ਘੱਟ ਲਾਗਤ ਵਾਲੇ ਪ੍ਰੋਜੈਕਟ ਵੀ ਸ਼ਾਮਲ ਹਨ। ਐਵਾਰਡ ਪ੍ਰਾਪਤ ਕਰਨ ਲਈ ਬਾਲਕ੍ਰਿਸ਼ਣ ਦੋਸ਼ੀ ਮਈ ਵਿਚ ਟੋਰਾਂਟੋ ਜਾਣਗੇ ਅਤੇ ਉਥੇ ਇਕ ਲੈਕਚਰ ਵੀ ਦੇਣਗੇ।