ਪਤਨੀ ਤੋਂ ਵੱਖ ਰਹਿ ਰਹੇ ਪਤੀ ਨੂੰ ਕੁੱਤਿਆਂ ਲਈ ਵੀ ਗੁਜ਼ਾਰਾ ਭੱਤਾ ਦੇਣ ਦਾ ਹੁਕਮ

Tuesday, Jul 11, 2023 - 05:44 PM (IST)

ਪਤਨੀ ਤੋਂ ਵੱਖ ਰਹਿ ਰਹੇ ਪਤੀ ਨੂੰ ਕੁੱਤਿਆਂ ਲਈ ਵੀ ਗੁਜ਼ਾਰਾ ਭੱਤਾ ਦੇਣ ਦਾ ਹੁਕਮ

ਮੁੰਬਈ (ਭਾਸ਼ਾ)- ਮੁੰਬਈ ਦੀ ਇਕ ਅਦਾਲਤ ਨੇ ਘਰੇਲੂ ਹਿੰਸਾ ਦੇ ਇਕ ਮਾਮਲੇ 'ਚ ਕਿਹਾ ਕਿ ਪਾਲਤੂ ਜਾਨਵਰ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਂਣ 'ਚ ਮਦਦ ਕਰਦੇ ਹਨ ਅਤੇ ਰਿਸ਼ਤਿਆਂ ਵਿਚ ਤਰੇੜਾਂ ਕਾਰਨ ਪੈਦਾ ਹੋਣ ਵਾਲੀ ਭਾਵਨਾਤਮਕ ਪਰੇਸ਼ਾਨੀ ਦੂਰ ਕਰਦੇ ਹਨ। ਇਸ ਮਾਮਲੇ ਵਿਚ ਇਕ ਔਰਤ ਨੇ ਵੱਖ ਰਹਿ ਰਹੇ ਆਪਣੇ ਪਤੀ ਤੋਂ ਇਹ ਕਹਿੰਦਿਆਂ ਹੋਰ ਗੁਜ਼ਾਰਾ ਭੱਤਾ ਮੰਗਿਆ ਹੈ ਕਿ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਹਨ ਅਤੇ ਤਿੰਨ ਪਾਲਤੂ ਕੁੱਤੇ ਵੀ ਉਸ 'ਤੇ ਨਿਰਭਰ ਹਨ। 

ਮੈਟਰੋਪਾਲਿਟਨ ਮੈਜਿਸਟਰੇਟ ਕੋਮਲ ਸਿੰਘ ਰਾਜਪੂਤ ਨੇ 20 ਜੂਨ ਨੂੰ ਦਿੱਤੇ ਇਕ ਅੰਤਰਿਮ ਹੁਕਮ ਵਿਚ ਪਤੀ ਨੂੰ ਆਪਣੀ 55 ਸਾਲਾ ਪਤਨੀ ਨੂੰ ਹਰ ਮਹੀਨੇ 50,000 ਰੁਪਏ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਅਤੇ ਉਸ ਦੀ ਇਹ ਦਲੀਲ ਖਾਰਜ ਕਰ ਦਿੱਤੀ ਕਿ ਪਾਲਤੂ ਕੁੱਤਿਆਂ ਲਈ ਗੁਜ਼ਾਰਾ ਭੱਤਾ ਨਹੀਂ ਦਿੱਤਾ ਜਾ ਸਕਦਾ। ਮੈਜਿਸਟਰੇਟ ਨੇ ਕਿਹਾ,''ਮੈਂ ਇਨ੍ਹਾਂ ਦਲੀਲਾਂ ਨਾਲ ਸਹਿਮਤ ਨਹੀਂ ਹਾਂ। ਪਾਲਤੂ ਪਸ਼ੂ ਵੀ ਇਕ ਜੀਵਨਸ਼ੈਲੀ ਦਾ ਅਭਿੰਨ ਹਿੱਸਾ ਹਨ। ਮਨੁੱਖ ਦੇ ਸਿਹਤਮੰਦ ਜੀਵਨ ਲਈ ਪਾਲਤੂ ਪਸ਼ੂ ਜ਼ਰੂਰੀ ਹੈ, ਕਿਉਂਕਿ ਉਹ ਰਿਸ਼ਤਿਆਂ ਦੇ ਟੁੱਟਣ ਨਾਲ ਹੋਈ ਭਾਵਨਾਤਮਕ ਕਮੀ ਨੂੰ ਦੂਰ ਕਰਦੇ ਹਨ।'' ਅਦਾਲਤ ਨੇ ਕਿਹਾ ਕਿ ਇਸ ਲਈ ਗੁਜ਼ਾਰਾ ਭੱਤੇ ਦੀ ਰਾਸ਼ੀ ਘੱਟ ਕਰਨ ਦਾ ਇਹ ਆਧਾਰ ਨਹੀਂ ਹੋ ਸਕਦਾ। 


author

DIsha

Content Editor

Related News