ਚੱਲਦੀ ਬੱਸ ''ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਸਾਹ ਰੁਕਣ ਤੋਂ ਪਹਿਲਾਂ ਬਚਾਈ ਯਾਤਰੀਆਂ ਦੀ ਜਾਨ

Saturday, Aug 03, 2024 - 09:36 PM (IST)

ਚੱਲਦੀ ਬੱਸ ''ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਸਾਹ ਰੁਕਣ ਤੋਂ ਪਹਿਲਾਂ ਬਚਾਈ ਯਾਤਰੀਆਂ ਦੀ ਜਾਨ

ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ 'ਚ ਗਵਾਲੀਅਰ ਹਾਈਵੇਅ 'ਤੇ ਚੱਲਦੀ ਬੱਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ ਪਰ ਉਸ ਨੇ ਸਮੇਂ ਸਿਰ ਬੱਸ ਨੂੰ ਸੜਕ ਕਿਨਾਰੇ ਲਗਾ ਕੇ ਯਾਤਰੀਆਂ ਦੀ ਜਾਨ ਬਚਾ ਲਈ। ਡਰਾਈਵਰ ਨੂੰ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋ ਰਿਹਾ ਸੀ ਅਤੇ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ।

ਯਾਤਰੀਆਂ ਤੋਂ ਸੂਚਨਾ ਮਿਲਣ 'ਤੇ ਪੁਲਸ ਡਰਾਈਵਰ ਨੂੰ ਹਸਪਤਾਲ ਲੈ ਗਈ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਵਿਚ ਡਰਾਈਵਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਣ ਦੀ ਪੁਸ਼ਟੀ ਹੋਈ ਹੈ। ਟੂਰਿਸਟ ਸਲੀਪਰ ਬੱਸ ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਯਾਤਰੀਆਂ ਨੂੰ ਲੈ ਕੇ ਮਥੁਰਾ ਤੋਂ ਇੰਦੌਰ ਜਾ ਰਹੀ ਸੀ। ਉਸ ਸਮੇਂ ਬੱਸ ਵਿਚ 9 ਸਵਾਰੀਆਂ ਸਵਾਰ ਸਨ। ਆਗਰਾ-ਗਵਾਲੀਅਰ ਨੈਸ਼ਨਲ ਹਾਈਵੇ 'ਤੇ ਰਾਤ ਕਰੀਬ 2 ਵਜੇ ਉਹ ਬੇਚੈਨੀ ਮਹਿਸੂਸ ਕਰਨ ਲੱਗਾ। ਜਦੋਂ ਉਸ ਨੂੰ ਛਾਤੀ ਵਿਚ ਤੇਜ਼ ਦਰਦ ਮਹਿਸੂਸ ਹੋਇਆ ਤਾਂ ਉਸ ਨੇ ਬੱਸ ਨੂੰ ਸਾਈਡ ’ਤੇ ਲੈ ਕੇ ਰੋਕ ਲਿਆ। ਬ੍ਰੇਕ ਲਗਾਉਂਦੇ-ਲਗਾਉਂਦੇ ਡਰਾਈਵਰ ਸਟੀਅਰਿੰਗ ਵ੍ਹੀਲ 'ਤੇ ਹੀ ਝੁਕ ਗਿਆ। ਡਰਾਈਵਰ ਦੀ ਹਾਲਤ ਦੇਖ ਕੇ ਬੱਸ 'ਚ ਸਵਾਰ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਯਾਤਰੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਪੁਲਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਚਾਲਕ ਜਾਂ ਕੋਈ ਯਾਤਰੀ ਕੁਝ ਸਮਝ ਪਾਉਂਦਾ, ਬੱਸ ਚਾਲਕ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮੁਤਾਬਕ ਸੂਚਨਾ 'ਤੇ ਪਹੁੰਚੀ ਪੁਲਸ ਨੇ ਡਰਾਈਵਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਮੁਖੀ ਉਪੇਂਦਰ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਡਰਾਈਵਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਬੱਸ ਵਿਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਕਿਸੇ ਹੋਰ ਬੱਸ ਵਿਚ ਉਨ੍ਹਾਂ ਦੀ ਮੰਜ਼ਿਲ ’ਤੇ ਭੇਜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News