‘ ਭੈਣ ਜੀ’ ਦੀ ਪ੍ਰਸਿੱਧੀ ’ਚ ਆਈ ਗਿਰਾਵਟ

Tuesday, Apr 30, 2024 - 01:06 PM (IST)

‘ ਭੈਣ ਜੀ’ ਦੀ ਪ੍ਰਸਿੱਧੀ ’ਚ ਆਈ ਗਿਰਾਵਟ

ਨੈਸ਼ਨਲ ਡੈਸਕ- ‘ਭੈਣ ਜੀ’ ਮਾਇਆਵਤੀ ਇਕ ਸਕੂਲ ਟੀਚਰ ਸੀ । ਕੌਂਸਲਰ ਦੀ ਚੋਣ ਲੜਨ ਲਈ ਉਹ ਟਿਕਟ ਮੰਗਣ ਲਈ ਭਾਜਪਾ ਦੇ ਸਵਰਗੀ ਆਗੂ ਮਦਨ ਲਾਲ ਖੁਰਾਣਾ ਕੋਲ ਗਈ ਸੀ। ਉਹ ਟਿਕਟ ਲੈਣ ’ਚ ਅਸਫਲ ਰਹੀ । ਕਿਸਮਤ ਨਾਲ ਉਹ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਸੰਪਰਕ ’ਚ ਆਈ, ਜੋ ਇੱਕ ਦਲਿਤ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ। 

ਕਾਂਸ਼ੀ ਰਾਮ ਨੇ ਮਾਇਆਵਤੀ ਨੂੰ ਤਿਆਰ ਕੀਤਾ। 1995 ’ਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰਨ ਪਿੱਛੋਂ ਉਨ੍ਹਾਂ ਨੂੰ ਯੂ.ਪੀ. ਦਾ ਮੁੱਖ ਮੰਤਰੀ ਬਣਾਇਆ ਗਿਆ। ਉਸ ਤੋਂ ਬਾਅਦ ਮਾਇਆਵਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਸੱਤਾ ਵਿਚ ਰਹਿਣ ਲਈ ਭਾਜਪਾ, ਕਾਂਗਰਸ ਜਾਂ ਜੋ ਵੀ ਉਨ੍ਹਾਂ ਨੂੰ ਮਿਲਿਆ, ਉਸ ਨਾਲ ਗੱਠਜੋੜ ਕੀਤਾ। ਫੈਸਲਾਕੁੰਨ ਮੋੜ ਉਦੋਂ ਆਇਆ ਜਦੋਂ ਉਹ 2007 ਵਿਚ ਆਪਣੀ ਹੀ ਪਾਰਟੀ ਦੇ ਦਮ ’ਤੇ ਮੁੱਖ ਮੰਤਰੀ ਬਣੀ।

2009 ’ਚ ਬਸਪਾ 6.17 ਫੀਸਦੀ ਵੋਟਾਂ ਨਾਲ ਲੋਕ ਸਭਾ ਦੀਆਂ 21 ਸੀਟਾਂ ਜਿੱਤ ਕੇ ਇੱਕ ਸਰਬ ਭਾਰਤੀ ਪਾਰਟੀ ਬਣ ਗਈ। ਫਿਰ ਗਿਰਾਵਟ ਉਦੋਂ ਸ਼ੁਰੂ ਹੋਈ ਜਦੋਂ 2014 ਦੀਆਂ ਲੋਕ ਸਭਾ ਚੋਣਾਂ ’ਚ ਬਸਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ। 2019 ਵਿਚ ਮਾਇਆਵਤੀ ਨੂੰ ਫਿਰ ਸਪਾ ਨਾਲ ਹੱਥ ਮਿਲਾਉਣਾ ਪਿਆ । ਪਾਰਟੀ ਨੂੰ 10 ਸੀਟਾਂ ਮਿਲੀਆਂ। ਯੂ.ਪੀ. ’ਚ ਵੋਟ ਸ਼ੇਅਰ ਵਧ ਕੇ 19 ਫੀਸਦੀ ਹੋ ਗਿਆ।

2022 ਦੀਆਂ ਵਿਧਾਨ ਸਭਾ ਚੋਣਾਂ ’ਚ ਵੋਟ ਸ਼ੇਅਰ ਘਟ ਕੇ 12 ਫੀਸਦੀ ਰਹਿ ਗਿਆ। ਲੋਕ ਸਭਾ ਦੀਆਂ ਤਾਜ਼ਾ ਚੋਣਾਂ ’ਚ ਹੋਰ ਗਿਰਾਵਟ ਵੇਖੀ ਜਾ ਸਕਦੀ ਹੈ ਕਿਉਂਕਿ ਜਦੋਂ ਤੋਂ ਮੋਦੀ ਸੀਨ ’ਤੇ ਉਭਰੇ ਹਨ, ਉਦੋਂ ਤੋਂ ਦਲਿਤ ਵੋਟਰ ਭਾਜਪਾ ਵੱਲ ਚਲੇ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮਨੀ ਲਾਂਡਰਿੰਗ ਕੇਸ ਨੇ ਉਨ੍ਹਾਂ ਨੂੰ ਕੇਂਦਰ ’ਚ ਸੱਤਾਧਾਰੀ ਪਾਰਟੀ ਲਈ ਦੂਜੀ ਭੂਮਿਕਾ ਨਿਭਾਉਣ ਲਈ ਮਜਬੂਰ ਕੀਤਾ ਹੈ।

ਮਾਇਆਵਤੀ ਕੋਲ ਹੁਣ ਕਿਸੇ ਸੂਬੇ ਤੋਂ ਰਾਜ ਸਭਾ ਦੀ ਸੀਟ ਜਿੱਤਣ ਦੀ ਸਮਰੱਥਾ ਨਹੀਂ ਹੈ । ਨਾ ਹੀ ਉਹ ਲੋਕ ਸਭਾ ਦੀ ਕੋਈ ਸੀਟ ਜਿੱਤਣ ਦੀ ਗਾਰੰਟੀ ਦੇ ਸਕਦੀ ਹੈ। ਜੇ ਉਹ ਇੱਕ ਜਾਂ ਦੋ ਸੀਟਾਂ ਜਿੱਤਦੀ ਹੈ ਤਾਂ ਇਹ ਖੁਸ਼ਕਿਸਮਤੀ ਵਾਲੀ ਗੱਲ ਹੋਵੇਗੀ । ਮਾਇਆਵਤੀ ਖੁਦ ਚੋਣ ਨਹੀਂ ਲੜ ਰਹੀ। ਉਨ੍ਹਾਂ ਦੇ ਭਤੀਜੇ ਆਕਾਸ਼ ਆਨੰਦ ਵਲੋਂ ਵੀ ਚੋਣ ਲੜਨ ਦੀ ਸੰਭਾਵਨਾ ਨਹੀਂ ਹੈ।


author

Rakesh

Content Editor

Related News