ਦੇਸ਼ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ 6 ਫੀਸਦੀ ਦਾ ਵਾਧਾ
Tuesday, Jul 23, 2024 - 11:27 AM (IST)
ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸੋਮਵਾਰ ਕਿਹਾ ਕਿ ਦੇਸ਼ ’ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ’ਚ 6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਪਾਣੀ ਦਾ ਸੁਰੱਖਿਅਤ ਖੇਤਰ ਵੀ 63 ਫੀਸਦੀ ਤੋਂ ਵਧ ਕੇ 73 ਫੀਸਦੀ ਹੋ ਗਿਆ ਹੈ। ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੰਦਿਆਂ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਕਿਹਾ ਕਿ 2017 ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ 17 ਫੀਸਦੀ ਸੀ, ਜੋ 2023 ’ਚ ਘੱਟ ਕੇ 11 ਫੀਸਦੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ 6 ਫੀਸਦੀ ਦਾ ਸੁਧਾਰ ਹੋਇਆ ਹੈ। ਆਜ਼ਾਦ ਮੈਂਬਰ ਕਾਰਤੀਕੇਯ ਸ਼ਰਮਾ ਦੇ ਇਕ ਪੂਰਕ ਸਵਾਲ ਦੇ ਜਵਾਬ ’ਚ ਪਾਟਿਲ ਨੇ ਇਹ ਵੀ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਸੁਰੱਖਿਅਤ ਖੇਤਰ 63 ਤੋਂ ਵਧ ਕੇ 73 ਫੀਸਦੀ ਹੋ ਗਿਆ ਹੈ।
ਬੀ. ਜੇ. ਡੀ. ਦੇ ਸੁਜੀਤ ਕੁਮਾਰ ਦੇ ਇਕ ਪੂਰਕ ਸਵਾਲ ਦੇ ਜਵਾਬ ’ਚ ਪਾਟਿਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਮਨਾਏ ਗਏ ‘ਅੰਮ੍ਰਿਤ ਮਹੋਤਸਵ’ ਦੌਰਾਨ ਹਰ ਜ਼ਿਲੇ ’ਚ 75 ਅੰਮ੍ਰਿਤ ਸਰੋਵਰ ਬਣਾਏ ਗਏ ਸਨ। ਇਸ ਦੇ ਉਸਾਰੂ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸੂਬਾਈ ਸਰਕਾਰਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਹੈ ਤੇ ਇਸ ਦੀ ਗੁਣਵੱਤਾ ’ਚ ਵੀ ਸੁਧਾਰ ਹੋਇਆ ਹੈ ਪਰ ਇਹ ਕੰਮ ਲਗਾਤਾਰ ਕਰਨਾ ਪਵੇਗਾ ਨਹੀਂ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਚਲਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e