ਕਾਨੂੰਨਾਂ ’ਚ ਕੋਈ ਬਦਲਾਅ ਨਾ ਹੋਣ ਨਾਲ ‘ਖਤਮ’ ਹੋ ਗਿਆ ਸੀ ਸਹਿਕਾਰਤਾ ਅੰਦੋਲਨ : ਸ਼ਾਹ

Sunday, Apr 13, 2025 - 09:15 PM (IST)

ਕਾਨੂੰਨਾਂ ’ਚ ਕੋਈ ਬਦਲਾਅ ਨਾ ਹੋਣ ਨਾਲ ‘ਖਤਮ’ ਹੋ ਗਿਆ ਸੀ ਸਹਿਕਾਰਤਾ ਅੰਦੋਲਨ : ਸ਼ਾਹ

ਭੋਪਾਲ, (ਭਾਸ਼ਾ)- ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਸਹਿਕਾਰੀ ਅੰਦੋਲਨ ਲੱਗਭਗ ਖਤਮ ਹੋ ਗਿਆ ਸੀ, ਕਿਉਂਕਿ ਸਮੇਂ ਦੇ ਨਾਲ ਕਾਨੂੰਨਾਂ ’ਚ ਬਦਲਾਅ ਨਹੀਂ ਕੀਤਾ ਗਿਆ।

ਸ਼ਾਹ ਨੇ ਭੋਪਾਲ ’ਚ ਸੂਬਾ ਪੱਧਰੀ ਸਹਿਕਾਰੀ ਸੰਮੇਲਨ ’ਚ ਕਿਹਾ ਕਿ ਮੱਧ ਪ੍ਰਦੇਸ਼ ’ਚ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰੀ ਖੇਤਰਾਂ ’ਚ ਬਹੁਤ ਸੰਭਾਵਨਾਵਾਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੰਭਾਵਨਾਵਾਂ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਲਈ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਸਹਿਕਾਰੀ ਅੰਦੋਲਨ ਵਿਗੜਦਾ ਰਿਹਾ, ਕਿਉਂਕਿ ਪਹਿਲੇ ਕਾਨੂੰਨਾਂ ’ਚ ਸਮੇਂ ਅਨੁਸਾਰ ਬਦਲਾਅ ਨਹੀਂ ਕੀਤੇ ਗਏ ਪਰ ਆਜ਼ਾਦੀ ਤੋਂ 75 ਸਾਲ ਬਾਅਦ ਸਹਿਕਾਰਤਾ ਅੰਦੋਲਨ ਨੂੰ ਉਤਸ਼ਾਹ ਦੇਣ ਲਈ ਸਹਿਕਾਰਤਾ ਮੰਤਰਾਲਾ ਦਾ ਗਠਨ ਕੀਤਾ ਗਿਆ, ਜਿਸ ਨੇ ਹੁਣ ਜ਼ੋਰ ਫੜ ਲਿਆ ਹੈ।’’

ਸ਼ਾਹ ਨੇ ਕਿਹਾ ਕਿ ਸਹਿਕਾਰੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਵਿਚਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਇਸ ਦਾ ਕਾਰਨ ਇਹ ਸੀ ਕਿ ਸਹਿਕਾਰਤਾ ਦੇ ਖੇਤਰ ਲਈ ਦੇਸ਼ ’ਚ ਕੋਈ ਮੰਤਰਾਲਾ ਨਹੀਂ ਸੀ। ਆਜ਼ਾਦੀ ਤੋਂ 75 ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਕਾਰਤਾ ਮੰਤਰਾਲਾ ਦੀ ਸਥਾਪਨਾ ਕੀਤੀ।’’

ਉਨ੍ਹਾਂ ਕਿਹਾ, ‘‘ਕੁਝ ਸੂਬਿਆਂ ’ਚ ਇਸ ਅੰਦੋਲਨ ਨੇ ਜ਼ੋਰ ਫੜਿਆ ਜਦੋਂ ਕਿ ਕੁਝ ਥਾਵਾਂ ’ਤੇ ਇਹ ਪੂਰੀ ਤਰ੍ਹਾਂ ਖਤਮ ਕਰ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਇਹ ਸੀ ਕਿ ਜੋ ਕਾਨੂੰਨ ਸਮੇਂ ਦੇ ਨਾਲ ਬਦਲਣੇ ਚਾਹੀਦੇ ਸਨ, ਉਹ ਨਹੀਂ ਬਦਲੇ।’’

ਇਸ ਤੋਂ ਪਹਿਲਾਂ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨ. ਡੀ. ਡੀ. ਬੀ.) ਨੇ ਮੱਧ ਪ੍ਰਦੇਸ਼ ਰਾਜ ਸਹਿਕਾਰੀ ਦੁੱਧ ਫੈੱਡਰੇਸ਼ਨ ਨਾਲ ਸੂਬੇ ’ਚ ਦੁੱਧ ਉਤਪਾਦਨ ਵਧਾਉਣ ਲਈ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ਸਹਿਕਾਰੀ ਸੰਮੇਲਨ ’ਚ ਸ਼ਾਹ ਦੀ ਮੌਜੂਦਗੀ ’ਚ ਸਮਝੌਤੇ ’ਤੇ ਦਸਤਖਤ ਕੀਤੇ ਗਏ।


author

Rakesh

Content Editor

Related News