ਟੀਕਾ ਲੱਗਣ ਤੋਂ ਬਾਅਦ ਹਸਪਤਾਲ ''ਚ ਗਰਭਵਤੀ ਔਰਤਾਂ ਦੀ ਹਾਲਤ ਵਿਗੜੀ
Monday, Oct 30, 2017 - 06:00 PM (IST)
ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਕਮਲਾ ਰਾਜਾ ਹਸਪਤਾਲ 'ਚ 65 ਗਰਭਵਤੀ ਔਰਤਾਂ ਦੀ ਹਾਲਤ ਟੀਕਾ ਲਗਾਉਣ ਤੋਂ ਬਾਅਦ ਵਿਗੜ ਗਈ, ਇਨ੍ਹਾਂ 'ਚੋਂ 6 ਨੂੰ ਆਈ.ਸੀ.ਯੂ. 'ਚ ਭਰਤੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦੀ ਟੀਮ ਬਣਾ ਕੇ ਉਨ੍ਹਾਂ ਤੋਂ 48 ਘੰਟੇ 'ਚ ਰਿਪੋਰਟ ਮੰਗੀ ਗਈ ਹੈ। ਹਸਪਤਾਲ ਸੂਤਰਾਂ ਅਨੁਸਾਰ ਐਤਵਾਰ ਦੀ ਰਾਤ ਹਸਪਤਾਲ 'ਚ ਭਰਤੀ 65 ਗਰਭਵਤੀ ਔਰਤ ਨੂੰ ਡਰਿੱਪ ਚੜ੍ਹ ਰਹੀ ਸੀ ਅਤੇ ਇਕ ਟੀਕਾ ਵੀ ਲਾਇਆ ਗਿਆ। ਇਸ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਠੰਡ ਲੱਗਣ ਲੱਗੀ। ਹਸਪਤਾਲ ਪ੍ਰਬੰਧਨ ਨੂੰ ਸ਼ਿਕਾਇਤ ਕੀਤੀ ਗਈ ਤਾਂ ਮਹਿਲਾ ਰੋਗ ਮਾਹਰ ਸਹਾਇਕ ਡਾ. ਰੀਤਾ ਮਿਸ਼ਰਾ ਅਤੇ ਸੀਨੀਅਰ ਡਾਕਟਰ ਹਸਪਤਾਲ ਪੁੱਜੇ। ਇਸ ਤੋਂ ਬਾਅਦ ਪੀੜਤ ਔਰਤਾਂ ਨੂੰ ਟੀਕਾ ਅਤੇ ਦਵਾਈਆਂ ਦਿੱਤੀਆਂ ਗਈਆਂ।
6 ਗਰਭਵਤੀ ਔਰਤਾਂ ਨੂੰ ਰਾਤ ਨੂੰ ਹੀ ਆਈ.ਸੀ.ਯੂ. 'ਚ ਸ਼ਿਫਟ ਕੀਤਾ ਗਿਆ। ਪੀੜਤ ਔਰਤਾਂ ਦੀ ਹਾਲਤ ਸੋਮਵਾਰ ਨੂੰ ਆਮ ਦੱਸੀ ਗਈ ਹੈ। ਸੂਤਰਾਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਚਾਰਜ ਡਾਕਟਰ ਸੰਜੇ ਚੰਦੇਲ ਅਤੇ ਡਾਕਟਰ ਜਿਤੇਂਦਰ ਨਰਵਰੀਆ ਨੇ ਤੁਰੰਤ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਗਠਿਤ ਕਰ ਕੇ 48 ਘੰਟੇ 'ਚ ਜਾਂਚ ਰਿਪੋਰਟ ਹਸਪਤਾਲ ਦੇ ਡੀਨ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਰਾਤ ਨੂੰ ਡਿਊਟੀ 'ਤੇ ਲਾਏ ਗਏ ਡਾਕਟਰਾਂ ਤੋਂ ਵੀ ਜਵਾਬ ਮੰਗਿਆ ਗਿਆ ਹੈ।
