ਅਰੁਣਾਚਲ ''ਚ ਅੰਸ਼ਕ ਤੇ ਮੇਘਾਲਿਆ ''ਚ ਪੂਰੀ ਤਰ੍ਹਾਂ ਖਤਮ ਹੋਇਆ ਅਫਸਪਾ

04/24/2018 10:14:16 AM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਮੇਘਾਲਿਆ ਦੇ ਵਿਵਾਦਪੂਰਨ ਆਰਮਡ ਫੋਰਸ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਨੂੰ ਪੂਰੀ ਤਰ੍ਹਾਂ ਹਟਾ ਲਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚੋਂ ਵੀ ਇਸ ਐਕਟ ਨੂੰ ਖਤਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਤੰਬਰ 2017 ਤਕ ਮੇਘਾਲਿਆ ਦੇ 40 ਫੀਸਦੀ ਇਲਾਕੇ ਵਿਚ ਅਫਸਪਾ ਲਾਗੂ ਸੀ। ਐੱਮ. ਐੱਚ. ਏ. ਨੇ ਇਕ ਬਿਆਨ ਵਿਚ ਕਿਹਾ ਕਿ ਸੂਬਾ ਸਰਕਾਰ ਦੇ ਨਾਲ ਹਾਲ ਹੀ ਵਿਚ ਹੋਈ ਗੱਲਬਾਤ ਤੋਂ ਬਾਅਦ ਮੇਘਾਲਿਆ ਵਿਚੋਂ ਅਫਸਪਾ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਫੈਸਲਾ ਲਿਆ ਗਿਆ ਸੀ। ਇਸੇ ਤਰ੍ਹਾਂ ਅਫਸਪਾ ਹੁਣ ਅਰੁਣਾਚਲ ਤੇ ਸਿਰਫ 8 ਪੁਲਸ ਸਟੇਸ਼ਨਾਂ 'ਤੇ ਹੀ ਲਾਗੂ ਹੈ ਜਦਕਿ 2017 ਵਿਚ ਇਹ 16 ਥਾਣਿਆਂ ਵਿਚ ਲਾਗੂ ਸੀ। ਇਕ ਹੋਰ ਫੈਸਲੇ ਵਿਚ ਗ੍ਰਹਿ ਮੰਤਰਾਲਾ ਨੇ ਪੂਰਬ-ਉੱਤਰ 'ਚ ਅੱਤਵਾਦੀਆਂ ਲਈ ਆਤਮ-ਸਮਰਪਣ ਅਤੇ ਮੁੜ ਵਸੇਬਾ ਨੀਤੀ ਦੇ ਤਹਿਤ ਮਦਦ ਰਾਸ਼ੀ ਇਕ ਲੱਖ ਤੋਂ ਵਧਾ ਕੇ 4 ਲੱਖ ਕਰ ਦਿੱਤੀ ਹੈ।
ਅਫਸਪਾ ਅਜੇ ਆਸਾਮ ਦੀ ਹੱਦ ਨਾਲ ਲੱਗਦੇ 8 ਥਾਣਾ ਖੇਤਰਾਂ ਅਤੇ ਮਿਆਂਮਾਰ ਨਾਲ ਲੱਗਦੀ ਸਰਹੱਦ ਦੇ 3 ਜ਼ਿਲਿਆਂ 'ਚ ਲਾਗੂ ਰਹੇਗਾ। ਦੱਸਣਯੋਗ ਹੈ ਕਿ ਬੀਤੇ 4 ਸਾਲ ਤੋਂ ਉੱਤਰ-ਪੁਰਬ ਦੇ ਵੱਖ-ਵੱਖ ਸੂਬਿਆਂ ਵਿਚ ਸੁਰੱਖਿਆ ਸਥਿਤੀ ਵਿਚ ਚੋਖਾ ਸੁਧਾਰ ਹੋਇਆ ਹੈ। ਸਰਕਾਰੀ ਸੂਤਰਾਂ ਮੁਤਾਬਕ ਤ੍ਰਿਪੁਰਾ ਅਤੇ ਮਿਜ਼ੋਰਮ ਵਿਚੋਂ ਅੱਤਵਾਦ ਦਾ ਸਫਾਇਆ ਹੋ ਚੁੱਕਾ ਹੈ। ਆਸਾਮ, ਮੇਘਾਲਿਆ, ਨਾਗਾਲੈਂਡ ਅਤੇ ਮਣੀਪੁਰ ਦੀ ਸੁਰੱਖਿਆ ਸਥਿਤੀ ਵਿਚ ਵੀ ਵਰਣਨਯੋਗ ਸੁਧਾਰ ਹੋਇਆ ਹੈ।
ਕੀ ਹੈ ਅਫਸਪਾ
ਆਰਮਡ ਫੋਰਸ ਸਪੈਸ਼ਲ ਪਾਵਰਸ ਐਕਟ ਫੌਜ ਨੂੰ ਜੰਮੂ-ਕਸ਼ਮੀਰ ਅਤੇ ਪੂਰਬ-ਉੱਤਰ ਦੇ ਵਿਵਾਦਤ ਇਲਾਕਿਆਂ ਵਿਚ ਸੁਰੱਖਿਆ ਬਲਾਂ ਨੂੰ ਵਿਸ਼ੇਸ਼² ਅਧਿਕਾਰ ਦਿੰਦਾ ਹੈ। ਸੈਕਸ਼ਨ 4-ਏ ਸੁਰੱਖਿਆ ਬਲ ਕਿਸੇ ਵੀ ਕੰਪਲੈਕਸ ਦੀ ਤਲਾਸ਼ੀ ਲੈਣ ਅਤੇ ਬਿਨਾਂ ਵਾਰੰਟ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਦੇ ਤਹਿਤ ਵਿਵਾਦਤ ਇਲਾਕਿਆਂ ਵਿਚ ਸੁਰੱਖਿਆ ਬਲ ਕਿਸੇ ਵੀ ਪੱਧਰ ਤਕ ਸ਼ਕਤੀ ਦੀ ਵਰਤੋਂ ਕਰ ਸਕਦੇ ਹਨ। ਸ਼ੱਕ ਹੋਣ ਦੀ ਹਾਲਤ ਵਿਚ ਉਨ੍ਹਾਂ ਨੂੰ ਕਿਸੇ ਵੀ ਗੱਡੀ ਨੂੰ ਰੋਕਣ, ਤਲਾਸ਼ੀ ਲੈਣ ਅਤੇ ਉਸ ਨੂੰ ਸੀਜ਼ ਕਰਨ ਦਾ ਅਧਿਕਾਰ ਹੁੰਦਾ ਹੈ।


Related News