ਕੋਰੋਨਾ ਦੀ ਜਾਂਚ ਨੈਗੇਟਿਵ ਆਉਣ ਮਗਰੋਂ ਵੀ ਲੱਛਣ ਦਿੱਸਣ ਤਾਂ ਹੋਵੇ ਇਲਾਜ : ਮਾਹਰ

07/12/2020 5:35:29 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ 'ਕੋਵਿਡ-19' ਮਹਾਮਾਰੀ ਨੂੰ ਲੈ ਕੇ ਮਾਹਰਾਂ ਨੇ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਵੀ ਕੁਝ ਲੋਕਾਂ ਦੇ ਜਾਂਚ ਨਤੀਜੇ ਨੈਗੇਟਿਵ ਆ ਸਕਦੇ ਹਨ। ਇਸ ਲਈ ਜਿਨ੍ਹਾਂ ਲੋਕਾਂ ਵਿਚ ਇਸ ਮਹਾਮਾਰੀ ਦੇ ਲੱਛਣ ਦਿੱਸ ਰਹੇ ਹੋਣ, ਉਨ੍ਹਾਂ 'ਚ ਵਾਇਰਸ ਦੀ ਪੁਸ਼ਟੀ ਸੰਬੰਧੀ ਜਾਂਚ ਦੀ ਉਡੀਕ ਕੀਤੇ ਬਿਨਾਂ ਉਨ੍ਹਾਂ ਦਾ ਇਲਾਜ ਤੁਰੰਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਾਇਰਸ ਗੰਭੀਰ ਰੂਪ ਨਾ ਲੈ ਲਵੇ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਵਿਚ ਕੋਰੋਨਾ ਮਰੀਜ਼ਾਂ ਵਿਚ ਕੋਵਿਡ-19 ਦੇ ਲੱਛਣ ਦਿੱਸ ਰਹੇ ਹਨ ਪਰ ਉਨ੍ਹਾਂ ਦੀ ਜਾਂਚ ਰਿਪੋਰਟ ਕਈ ਵਾਰ ਨੈਗੇਟਿਵ ਆਈ ਹੈ। ਵਾਰ-ਵਾਰ ਜਾਂਚ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ। 

ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਕ੍ਰਿਟੀਕਲ ਕੇਅਰ ਐਂਡ ਸਲੀਪ ਮੈਡੀਸਿਨ 'ਚ ਸਾਹ ਅਤੇ ਫੇਫੜਿਆਂ ਦੇ ਰੋਗ ਮਹਿਕਮੇ ਦੇ ਪ੍ਰੋਫੈਸਰ, ਨੀਰਜ ਗੁਪਤਾ ਨੇ ਕਿਹਾ ਕਿ ਹੁਣ ਮਾਹਰਾਂ ਦੀ ਆਮ ਧਾਰਨਾ ਇਹ ਹੈ ਕਿ ਕਲੀਨਿਕਲ ਲੱਛਣ ਬਹੁਤ ਜ਼ਿਆਦਾ ਸ਼ੰਕਾ ਪੈਦਾ ਕਰ ਰਹੇ ਹਨ ਅਤੇ ਸਿਟੀ ਸਕੈਨ ਰਿਪੋਰਟ ਨੂੰ ਇਲਾਜ ਦਾ ਕਾਰਕ ਮੰਨਿਆ ਜਾਵੇ ਬਜਾਏ ਸਿਰਫ ਆਰ. ਟੀ- ਪੀ. ਸੀ. ਆਰ. ਜਾਂਚ 'ਤੇ ਨਿਰਭਰ ਰਹਿਣ ਦੀ ਜਿਸ ਦੀ ਸਟੀਕਤਾ ਮਹਿਜ 70 ਫੀਸਦੀ ਹੈ। ਉਨ੍ਹਾਂ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਦੀ ਸੰਵੇਦਨਸ਼ੀਲਤਾ ਵੀ ਮਹਿਜ 40 ਫੀਸਦੀ ਹੈ। ਡਾ. ਗੁਪਤਾ ਨੇ ਕਿਹਾ ਕਿ ਜੇਕਰ ਇਨ੍ਹਾਂ ਜਾਂਚਾਂ 'ਤੇ ਨਿਰਭਰ ਰਹਿੰਦੇ ਹਾਂ ਤਾਂ ਕਈ ਮਰੀਜ਼ ਛੁੱਟ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਲਾਜ ਦੀਆਂ ਸਾਰੀਆਂ ਰਣਨੀਤੀਆਂ ਬੀਮਾਰੀ ਨੂੰ ਮਾਮੂਲੀ ਤੋਂ ਮੱਧ ਜਾਂ ਮੱਧ ਤੋਂ ਗੰਭੀਰ ਹੋਣ ਤੋਂ ਰੋਕਣ ਪ੍ਰਤੀ ਨਿਰਦੇਸ਼ਿਤ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਾਨੂੰ ਜਾਂਚ ਰਿਪੋਰਟ ਦੀ ਉਡੀਕ ਨਹੀਂ ਕਰਨੀ ਚਾਹੀਦੀ। ਸਾਨੂੰ ਕਲੀਨਿਕਲ ਲੱਛਣਾਂ ਨੂੰ ਦੇਖਣਾ ਹੋਵੇਗਾ। 

ਇੱਥੇ ਏਮਜ਼ ਵਿਚ ਬੁਢਾਪਾ ਮੈਡੀਕਲ ਮਹਿਕਮੇ ਵਿਚ ਸਹਾਇਕ ਪ੍ਰੋਫੈਸਰ ਡਾ. ਵਿਜੇ ਗੁੱਜਰ ਨੇ ਕਿਹਾ ਕਿ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ, ਜਿੱਥੇ ਮਰੀਜ਼ ਤਿੰਨ ਜਾਂ ਚਾਰ ਵਾਰ ਦੀ ਆਰ. ਟੀ-ਪੀ. ਸੀ. ਆਰ. ਜਾਂਚ ਦੇ ਬਾਵਜੂਦ ਨੈਗੇਟਿਵ ਪਾਇਆ ਜਾ ਰਿਹਾ ਸੀ, ਜਦਕਿ ਉਸ ਵਿਚ ਲੱਛਣ ਸਨ ਅਤੇ ਸੀਟੀ ਸਕੈਨ ਨਿਮੋਨੀਆ ਵੱਲ ਸੰਕੇਤ ਕਰ ਰਹੇ ਸਨ ਜੋ ਕਿ ਕੋਵਿਡ-19 ਦਾ ਵੱਡਾ ਲੱਛਣ ਹੈ। ਡਾ. ਗੁੱਜਰ ਨੇ ਕਿਹਾ ਕਿ ਜੇਕਰ ਮਰੀਜ਼ ਵਿਚ ਲੱਛਣ ਹਨ ਅਤੇ ਉਹ ਉੱਪਰੋਂ ਬਜ਼ੁਰਗ ਹੈ ਜਾਂ ਉਸ ਨੂੰ ਹੋਰ ਬੀਮਾਰੀਆਂ ਹਨ ਤਾਂ ਉਸ ਦਾ ਕੋਵਿਡ-19 ਦਾ ਇਲਾਜ ਹੋਣਾ ਚਾਹੀਦਾ ਹੈ ਅਤੇ ਜਾਂਚ ਵਿਚ ਪੁਸ਼ਟੀ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ।


Tanu

Content Editor

Related News