ਜੰਮੂ-ਕਸ਼ਮੀਰ ’ਚ ਅੱਤਵਾਦੀ ਘਟੇ ਹਨ ਪਰ ‘ਟਾਂਵੀਆਂ-ਟਾਂਵੀਆਂ’ ਘਟਨਾਵਾਂ ਰੋਕਣ ’ਚ ਸਮਾਂ ਲੱਗੇਗਾ : ਵੀ. ਕੇ. ਸਿੰਘ
Friday, Sep 15, 2023 - 06:11 PM (IST)
ਇੰਦੌਰ/ਮ. ਪ੍ਰ. (ਭਾਸ਼ਾ) : ਕੇਂਦਰੀ ਮੰਤਰੀ ਵੀ. ਕੇ. ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਵਿਕਾਸ ਗਤੀਵਿਧੀਆਂ ਤੇਜ਼ ਹੋਣ ਕਾਰਨ ਅੱਤਵਾਦੀਆਂ ਦੀ ਗਿਣਤੀ ’ਚ ਪਹਿਲਾਂ ਨਾਲੋਂ ਭਾਰੀ ਕਮੀ ਆਈ ਹੈ ਪਰ ਟਾਂਵੀਆਂ-ਟਾਂਵੀਆਂ ਅੱਤਵਾਦੀ ਘਟਨਾਵਾਂ ਨੂੰ ਰੋਕਣ ’ਚ ਸਮਾਂ ਲੱਗੇਗਾ ਕਿਉਂਕਿ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣਾ ਜਾਰੀ ਹੈ। ਨਵੰਬਰ ’ਚ ਸੰਭਾਵਿਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਪ੍ਰਚਾਰ ਲਈ ਮੱਧ ਪ੍ਰਦੇਸ਼ ਆਏ ਸਿੰਘ ਨੇ ਇੰਦੌਰ ’ਚ ਪੱਤਰਕਾਰਾਂ ਨੂੰ ਕਿਹਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੀ ਗਿਣਤੀ ਵਿਚ ਪਹਿਲਾਂ ਨਾਲੋਂ ਬਹੁਤ ਕਮੀ ਆਈ ਹੈ ਅਤੇ ਵੱਖਵਾਦੀਆਂ ਵਲੋਂ ਫੈਲਾਏ ਗਏ ਇਹ ਭੁਲੇਖੇ ਵੀ ਮਿਟ ਚੁੱਕੇ ਹਨ ਕਿ ਇਹ ਸਰਹੱਦੀ ਸੂਬਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਹੈ। ਅਨੰਤਨਾਗ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਸੁਰੱਖਿਆ ਫੋਰਸਾਂ ਦੇ 3 ਅਧਿਕਾਰੀਆਂ ਦੇ ਸ਼ਹੀਦ ਹੋਣ ਦੇ ਅਗਲੇ ਦਿਨ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਨੇ ਕਿਹਾ ਕਿ (ਜੰਮੂ-ਕਸ਼ਮੀਰ ਵਿਚ) ਟਾਂਵੀਆਂ-ਟਾਂਵੀਆਂ ਅੱਤਵਾਦੀ ਘਟਨਾਵਾਂ ਹੁੰਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਕਿਸਾਨਾਂ ਤੇ ਵਪਾਰੀਆਂ ਦੇ ਹੱਕ ਲਈ ਕੇਂਦਰ ਤੁਰੰਤ ਵਾਪਸ ਲਵੇ ‘ਆਪਹੁਦਰਾ’ ਫ਼ੈਸਲਾ : CM ਮਾਨ
ਇਨ੍ਹਾਂ ਨੂੰ ਰੋਕਣ ਵਿਚ ਸਮਾਂ ਲੱਗੇਗਾ ਕਿਉਂਕਿ ਇਕ ਦੇਸ਼ (ਪਾਕਿਸਤਾਨ) ਅਜਿਹਾ ਹੈ ਜੋ ਭਾਵੇਂ ਹੀ ਦੀਵਾਲੀਆ ਹੋ ਗਿਆ ਹੈ ਪਰ ਉਸਦੇ ਦਿਮਾਗ ’ਚ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਛੇੜ-ਛਾੜ ਦੀ ਫਿਤਰਤ ਨਹੀਂ ਗਈ ਹੈ। ਜਦੋਂ ਇਹ ਦੇਸ਼ ਖੇਰੂ-ਖੇਰੂ ਹੋ ਜਾਏਗਾ, ਤਾਂ ਇਹ ਚੀਜ਼ਾਂ ਆਪਣੇ-ਆਪ ਖਤਮ ਹੋ ਜਾਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਨੰਤਨਾਗ ’ਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸੁਰੱਖਿਆ ਫੋਰਸਾਂ ਦੇ 3 ਅਧਿਕਾਰੀਆਂ ਦੇ ਸ਼ਹੀਦ ਹੋਣ ਨਾਲ ਦੇਸ਼ ਦੇ ਸਾਰੇ ਲੋਕ ਦੁਖੀ ਹਨ, ਪਰ ਕਾਂਗਰਸ ਨੇ ਇਸ ਸ਼ਹਾਦਤ ’ਤੇ ਸ਼ੋਕ ਪ੍ਰਗਟਾਉਣ ਲਈ ਕੁਝ ਵੀ ਨਹੀਂ ਕੀਤਾ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਦਾਅਵਾ, ਉਦਯੋਗਿਕ ਸੈਕਟਰ ’ਚ ਸਿਰਫ਼ ਪੰਜਾਬੀ ਹੀ ਤੋੜ ਸਕਦੇ ਨੇ ਚੀਨ ਦੀ ਇਜਾਰੇਦਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8