ISIS ਨਾਲ ਜੁੜੇ ਅੱਤਵਾਦੀ ਮੂਸਾ ਨੂੰ NIA ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ
Saturday, Jun 04, 2022 - 10:01 AM (IST)
ਕੋਲਕਾਤਾ (ਭਾਸ਼ਾ)- ਕੋਲਕਾਤਾ ਦੀ ਇਕ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਸ਼ੁੱਕਰਵਾਰ ਨੂੰ ਆਈ.ਐੱਸ.ਆਈ.ਐੱਸ. ਦੀ ਤਰਜ਼ 'ਤੇ ਵਿਦੇਸ਼ੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਮੁਹੰਮਦ ਮੋਸੀਉਦੀਨ ਉਰਫ਼ ਮੂਸਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੂਸਾ ਨੂੰ ਰਾਜ ਦੀ ਸੀ.ਆਈ.ਡੀ. ਨੇ ਜੁਲਾਈ 2016 ਵਿਚ ਪੱਛਮੀ ਬੰਗਾਲ ਦੇ ਬਰਦਵਾਨ ਵਿਚ ਇਕ ਰੇਲ ਗੱਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ। ਚੀਫ਼ ਜਸਟਿਸ ਸਿਧਾਰਥ ਕਾਂਜੀਲਾਲ ਨੇ ਮੂਸਾ ਨੂੰ ਭਾਰਤ ਸਰਕਾਰ ਵਿਰੁੱਧ ਜੰਗ ਦੀ ਸਾਜ਼ਿਸ਼ ਰਚਣ ਅਤੇ ਇਸ ਮਕਸਦ ਲਈ ਲੋਕ ਅਤੇ ਹਥਿਆਰ ਇਕੱਠੇ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਐੱਨ.ਆਈ.ਏ. ਵਲੋਂ ਪਹਿਲਾਂ ਦਾਇਰ ਕੀਤੀ ਗਈ ਚਾਰਜਸ਼ੀਟ ਦੇ ਅਨੁਸਾਰ, ਮੂਸਾ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੀ ਸ਼ੈਲੀ ਵਿਚ ਕੋਲਕਾਤਾ ਵਿਚ ਮਦਰ ਹਾਊਸ 'ਚ ਜਾ ਕੇ ਵਿਦੇਸ਼ੀ ਖਾਸ ਕਰਕੇ ਅਮਰੀਕੀ, ਰੂਸੀ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ।
ਐੱਨ.ਆਈ.ਏ. ਦੇ ਵਕੀਲ ਸ਼ਿਆਮਲ ਘੋਸ਼ ਨੇ ਦਾਅਵਾ ਕੀਤਾ ਕਿ ਮੂਸਾ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਿਤ ਅੱਤਵਾਦੀ ਸੀ ਅਤੇ ਜਾਨਲੇਵਾ ਹਮਲਿਆਂ ਦੀ ਸਾਜਿਸ਼ ਰਚ ਰਿਹਾ ਸੀ। ਉਨ੍ਹਾਂ ਨੇ ਉਸ ਲਈ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ। ਐੱਨ.ਆਈ.ਏ. ਨੇ ਆਪਣੀ ਚਾਰਜਸ਼ੀਟ 'ਚ ਦਾਅਵਾ ਕੀਤਾ ਹੈ ਕਿ ਮੂਸਾ ਵਿਦੇਸ਼ੀਆਂ ਨੂੰ ਚਾਕੂ ਮਾਰ ਕੇ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ, ਜੋ ਤਰੀਕਾ ISIS ਆਪਣੇ ਟੀਚਿਆਂ ਨੂੰ ਖ਼ਤਮ ਕਰਨ ਲਈ ਹਮੇਸ਼ਾ ਚੁਣਦਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਹਮਲਿਆਂ ਨੂੰ ਅੰਜਾਮ ਦੇਣ ਲਈ 'ਮਦਰ ਹਾਊਸ' ਨੂੰ ਚੁਣਿਆ ਸੀ, ਜੋ ਕਿ ਮਦਰ ਟੈਰੇਸਾ ਦੇ ਮਿਸ਼ਨਰੀਜ਼ ਆਫ਼ ਚੈਰਿਟੀ ਦਾ ਮੁੱਖ ਦਫ਼ਤਰ ਹੈ। ਐੱਨ.ਆਈ.ਏ. ਨੇ ਕਿਹਾ ਕਿ ਉਸ ਕੋਲ ਸਬੂਤ ਹਨ ਕਿ ਉਸ ਨੇ ਦਹਿਸ਼ਤੀ ਕਾਰਵਾਈਆਂ ਕਰਨ ਲਈ ਇਕ ਵੱਡਾ ਚਾਕੂ ਖਰੀਦਿਆ ਸੀ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਮੂਸਾ ਨੇ 'ਮਦਰ ਹਾਊਸ' 'ਚ ਅਜਿਹਾ ਹਮਲਾ ਕਰਨ ਦੀ ਸਾਜ਼ਿਸ਼ ਬਾਰੇ ਚਰਚਾ ਕੀਤੀ ਸੀ। ਅਮਰੀਕਾ, ਰੂਸ ਅਤੇ ਬਰਤਾਨੀਆ ਤੋਂ ਵਿਦੇਸ਼ੀ ਨਾਗਰਿਕ ਅਕਸਰ ਮਦਰ ਹਾਊਸ ਆਉਂਦੇ ਹਨ। ਅਮਰੀਕੀ ਏਜੰਸੀ ਐੱਫ.ਬੀ.ਆਈ. ਨੇ ਕੋਲਕਾਤਾ ਦੀ ਜੇਲ੍ਹ 'ਚ ਮੂਸਾ ਤੋਂ ਆਈ.ਐੱਸ.ਆਈ.ਐੱਸ. ਨਾਲ ਸਬੰਧਾਂ ਬਾਰੇ ਪੁੱਛ-ਗਿੱਛ ਵੀ ਕੀਤੀ ਸੀ।
ਇਹ ਵੀ ਪੜ੍ਹੋ : ਕਰਨਾਟਕ : ਬੱਸ 'ਚ ਅੱਗ ਲੱਗਣ ਨਾਲ 7 ਲੋਕ ਜਿਊਂਦੇ ਸੜੇ