ਸ਼ੋਪੀਆਂ ’ਚ ਐੱਸ. ਓ. ਜੀ. ਕੈਂਪ ’ਤੇ ਅੱਤਵਾਦੀ ਹਮਲਾ

Tuesday, Sep 06, 2022 - 10:49 AM (IST)

ਸ਼ੋਪੀਆਂ ’ਚ ਐੱਸ. ਓ. ਜੀ. ਕੈਂਪ ’ਤੇ ਅੱਤਵਾਦੀ ਹਮਲਾ

ਸ਼੍ਰੀਨਗਰ/ਜੰਮੂ/ਸ਼ੋਪੀਆਂ, (ਉਦੇ, ਅਰੀਜ਼)– ਅੱਤਵਾਦੀਆਂ ਨੇ ਸੋਮਵਾਰ ਦੇਰ ਸ਼ਾਮ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਕੈਂਪ ’ਤੇ ਹਮਲਾ ਕਰ ਦਿੱਤਾ। ਕੁਝ ਦੇਰ ਗੋਲੀਬਾਰੀ ਕਰਨ ਤੋਂ ਬਾਅਦ ਅੱਤਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਇਸ ਹਮਲੇ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਸ਼ੋਪੀਆਂ ਜ਼ਿਲੇ ਦੇ ਇਮਾਮ ਸਾਹਿਬ ਇਲਾਕੇ ’ਚ ਐੱਸ. ਓ. ਜੀ. ਕੈਂਪ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਐੱਸ. ਓ. ਜੀ. ਕੈਂਪ ’ਤੇ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਤਾਂ ਕਿ ਅੱਤਵਾਦੀਆਂ ਨੂੰ ਲੱਭਿਆ ਜਾ ਸਕੇ। ਅੱਤਵਾਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਸੁਰੱਖਿਆ ਬਲਾਂ ’ਤੇ ਹਮਲਿਆਂ ਨੂੰ ਤੇਜ਼ ਕੀਤਾ ਜਾਵੇ ਪਰ ਸੁਰੱਖਿਆ ਬਲ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਹੇ ਹਨ।

ਉੱਥੇ ਹੀ, ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਬਾਸਕੁਚਨ ਪਿੰਡ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਜਿਵੇਂ ਹੀ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਸ਼ੱਕੀ ਸਥਾਨ ਵੱਲ ਵਧੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ’ਚ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ 2 ਤੋਂ 3 ਅੱਤਵਾਦੀ ਫਸੇ ਹੋਏ ਹਨ।

ਓਧਰ ਸੋਮਵਾਰ ਨੂੰ ਸ਼ੋਪੀਆਂ ਜ਼ਿਲੇ ’ਚ ਪੁਲਸ ਨੇ ਇਕ ਬਗੀਚੇ ’ਚੋਂ ਪੁਲਵਾਮਾ ਦੇ ਰਾਜਪੁਰਾ ਨਿਵਾਸੀ ਮੰਜ਼ੂਰ ਅਹਿਮਦ ਨਾਂਗਰੋ ਦੀ ਗੋਲੀਆਂ ਨਾਲ ਛਲਣੀ ਲਾਸ਼ ਬਰਾਮਦ ਕੀਤੀ।


author

Rakesh

Content Editor

Related News