ਫੌਜ ਦੀ ਸਖ਼ਤੀ ਪਿੱਛੋਂ ਹੁਣ ਨੇਪਾਲ ਤੋਂ ਬਿਹਾਰ ਦੇ ਰਸਤੇ ਕਸ਼ਮੀਰ ਭਿਜਵਾਇਆ ਜਾ ਰਿਹੈ ਟੈਰਰ ਫੰਡ
Tuesday, Mar 02, 2021 - 01:39 AM (IST)
ਪੂਰਨੀਆ - ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਦੀ ਸਰਹੱਦ 'ਤੇ ਭਾਰਤੀ ਫੌਜ ਦੀ ਸਖ਼ਤੀ ਪਿੱਛੋਂ ਟੈਰਰ ਫੰਡਿੰਗ ਲਈ ਅੱਤਵਾਦੀਆਂ ਨੇ ਨਵਾਂ ਰਾਹ ਲੱਭ ਲਿਆ ਹੈ। ਹੁਣ ਰੁਪਇਆਂ ਦੀ ਖੇਪ ਨੇਪਾਲ ਤੋਂ ਬਿਹਾਰ ਦੇ ਰਸਤੇ ਜੰਮੂ-ਕਸ਼ਮੀਰ ਭੇਜੀ ਜਾ ਰਹੀ ਹੈ। ਇਸ ਧੰਦੇ ਵਿਚ ਸੀਮਾਂਚਲ ਦੇ ਨੌਜਵਾਨਾਂ ਨੂੰ ਘੱਟ ਸਮੇਂ ਵਿਚ ਧੰਨਾ ਸੇਠ ਬਣਾਉਣ ਦਾ ਲਾਲਚ ਦੇ ਕੇ ਕੋਰੀਅਰ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- 'ਟੀਕਾ ਲੱਗਣ ਦੇ ਚਾਰ ਦਿਨ ਬਾਅਦ ਮੌਤ ਨੂੰ ਵੈਕਸੀਨ ਨਾਲ ਨਹੀਂ ਜੋੜਿਆ ਜਾ ਸਕਦਾ'
ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਰਰੀਆ ਐੱਸ.ਐੱਸ.ਬੀ ਦੀ 52ਵੀਂ ਬਟਾਲੀਅਨ ਨੇ ਅਰਰੀਆ ਜ਼ਿਲੇ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਇਕ ਲੱਖ 65 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਨਾਲ ਗ੍ਰਿਫਤਾਰ ਕੀਤਾ। ਨੌਜਵਾਨ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਨੇਪਾਲ ਤੋਂ ਰੁਪਏ ਲਿਆ ਕੇ ਘਰ ਵਿਚ ਰੱਖਦਾ ਹੈ ਅਤੇ ਫਿਰ ਮੌਕਾ ਵੇਖ ਕੇ ਜੰਮੂ-ਕਸ਼ਮੀਰ ਪਹੁੰਚਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਮੋਟੀ ਕਮਿਸ਼ਨ ਮਿਲਦੀ ਹੈ।
ਨੌਜਵਾਨ ਨੇ ਦੱਸਿਆ ਕਿ ਮੈਂ 6-7 ਵਾਰ ਨੇਪਾਲ ਦੇ ਰੰਗੋਲੀ ਸਥਿਤ ਇਕ ਜਿਊਲਰ ਕੋਲੋਂ ਰੁਪਇਆਂ ਦੀ ਖੇਪ ਲੈ ਕੇ ਜੰਮੂ-ਕਸ਼ਮੀਰ ਪਹੁੰਚਾ ਚੁੱਕਾ ਹਾਂ। ਉਸ ਨੇ ਦੱਸਿਆ ਕਿ ਮੇਰੇ ਗਿਰੋਹ ਵਿਚ ਕਈ ਹੋਰ ਨੌਜਵਾਨ ਵੀ ਸ਼ਾਮਲ ਹਨ। ਸਭ ਦਾ ਕੰਮ ਵੱਖਰਾ-ਵੱਖਰਾ ਵੰਡਿਆ ਹੋਇਆ ਹੈ।
ਓਧਰ ਸਿਕਟੀ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰਨ ਪਿੱਛੋਂ ਕਈ ਥਾਈਂ ਛਾਪੇ ਮਾਰੇ। ਹਿਰਾਸਤ ਵਿਚ ਲਏ ਗਏ ਨੌਜਵਾਨ ਦੇ ਘਰੋਂ ਜੰਮੂ-ਕਸ਼ਮੀਰ ਨਾਲ ਜੁੜੇ ਕੁਝ ਦਸਤਾਵੇਜ਼ ਵੀ ਬਰਾਮਦ ਹੋਏ। ਇਸ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਸ.ਬੀ.ਨੇ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਹੈ। ਜਵਾਨਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।