ਜੰਮੂ-ਕਸ਼ਮੀਰ ’ਚ ਬਿਟਕੁਆਇਨ ਰਾਹੀਂ ਹੋ ਰਹੀ ਅੱਤਵਾਦੀ ਫੰਡਿੰਗ : ਐੱਸ. ਆਈ. ਏ.

08/04/2022 1:04:35 PM

ਸ਼੍ਰੀਨਗਰ– ਜੰਮੂ-ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸ. ਆਈ. ਏ.) ਨੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅੱਤਵਾਦ ਲਈ ਬਿਟਕੁਆਇਨ ਵਪਾਰ ਰਾਹੀਂ ਪੈਸਾ ਉਪਲੱਬਧ ਕਰਵਾਉਣ ਦੇ ਸਬੰਧ ਵਿਚ 7 ਥਾਵਾਂ ’ਤੇ ਛਾਪੇਮਾਰੀ ਕੀਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ’ਚ ਕਈ ਥਾਵਾਂ ਦੀ ਤਲਾਸ਼ੀ ਸਈ ਗਈ ਅਤੇ ਸ਼ੱਕੀਆਂ ਦੇ ਮੇਂਢਰ, ਪੁੰਛ, ਬਾਰਾਮੂਲਾ, ਕੁਪਵਾੜਾ ਅਤੇ ਹੰਦਵਾੜਾ ਘਰਾਂ ਦੀ ਤਲਾਸ਼ੀ ਲਈ ਗਈ। ਇਹ ਕਾਰਵਾਈ ਸ਼੍ਰੀਨਗਰ ਦੇ ਕਾਊਂਟਰ ਇੰਟੈਲੀਜੈਂਸ ਪੁਲਸ ਸਟੇਸ਼ਨ ਵਿਖੇ ਦਰਜ ਇਕ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਕੀਤੀ ਗਈ। ਮਾਮਲਾ ਬਿਟਕੁਆਇਨ ਵਪਾਰ ਰਾਹੀਂ ਅੱਤਵਾਦੀਆਂ ਨੂੰ ਫੰਡਿੰਗ ਦੇਣ ਨਾਲ ਜੁੜਿਆ ਹੈ। ਪੁਲਸ ਨੇ ਕਿਹਾ ਕਿ ਇਸ ’ਚ ਪਾਕਿਸਤਾਨੀ ਮਾਸਟਰ ਮਾਈਂਡ ਦੀ ਪਛਾਣ ਕੀਤੀ ਗਈ ਹੈ।

ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਪੜਾਅ ’ਚ ਜਿਨ੍ਹਾਂ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ’ਚ ਪਾਕਿਸਤਾਨ ਦਾ ਇਕ ਮਾਸਟਰ ਮਾਈਂਡ ਵੀ ਸ਼ਾਮਲ ਹੈ ਜੋ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਸਰਗਰਮ ਸਮਰਥਨ ਨਾਲ ਜੰਮੂ-ਕਸ਼ਮੀਰ ’ਚ ਵੱਡੇ ਪੱਧਰ ’ਤੇ ਹਿੰਸਾ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਸ ਦੇ ਬਾਰੇ ’ਚ ਜਾਣਕਾਰੀ ਗੁਪਤ ਰੱਖੀ ਜਾ ਰਹੀ ਹੈ। ਬੁਲਾਰੇ ਅਨੁਸਾਰ ਜਿਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ’ਚੋਂ ਮਿਲੇ ਸਬੂਤਾਂ ਤੋਂ ਇਹ ਪਤਾ ਲੱਗਾ ਹੈ ਕਿ ਪਾਕਿਸਤਾਨ ਤੋਂ ਆਉਣ ਵਾਲਾ ਪੈਸਾ ਇਨ੍ਹਾਂ ਲੋਕਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਖਾਤਿਆਂ ਦੀ ਵਰਤੋਂ ਇਸ ਪੈਸੇ ਨੂੰ ਜਮ੍ਹਾ ਕਰਵਾਉਣ ਲਈ ਕੀਤੀ ਗਈ ਹੈ ਜੋ ਜੰਮੂ-ਕਸ਼ਮੀਰ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਡਿਜੀਟਲ ਉਪਰਕਨ, ਸਿਮ ਕਾਰਡ, ਮੋਬਾਇਲ ਅਤੇ ਸ਼ੱਕੀ ਸਮੱਗਰੀ ਬਰਾਮਦ ਕੀਤੀ ਗਈ ਹੈ।


Rakesh

Content Editor

Related News