ਰੂਹ ਕੰਬਾਊ ਹਾਦਸਾ : ਪੂਰਵਾਂਚਲ ਐਕਸਪ੍ਰੈਸ-ਵੇਅ ''ਤੇ ਵਾਪਰਿਆ ਭਿਆਨਕ ਕਹਿਰ, 5 ਲੋਕਾਂ ਦੀ ਗਈ ਜਾਨ

Sunday, May 17, 2026 - 07:53 AM (IST)

ਰੂਹ ਕੰਬਾਊ ਹਾਦਸਾ : ਪੂਰਵਾਂਚਲ ਐਕਸਪ੍ਰੈਸ-ਵੇਅ ''ਤੇ ਵਾਪਰਿਆ ਭਿਆਨਕ ਕਹਿਰ, 5 ਲੋਕਾਂ ਦੀ ਗਈ ਜਾਨ

ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ 'ਚ ਪੂਰਵਾਂਚਲ ਐਕਸਪ੍ਰੈਸ-ਵੇਅ ’ਤੇ ਸ਼ਨੀਵਾਰ ਦੁਪਹਿਰ ਇਕ ਰੂਹ ਕੰਬਾਊ ਸੜਕ ਹਾਦਸਾ ਵਾਪਰਿਆ, ਜਿਸ 'ਚ ਬਿਹਾਰ ਦੇ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫ਼ਤਾਰ ਕਾਰ ਅੱਗੇ ਜਾ ਰਹੇ ਟਰੱਕ ਦੇ ਪਿਛਲੇ ਹਿੱਸੇ 'ਚ ਇਸ ਤਰ੍ਹਾਂ ਜਾ ਫਸੀ ਕਿ ਟਰੱਕ ਉਸ ਨੂੰ ਕਰੀਬ ਇਕ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ।

ਪਤੀ-ਪਤਨੀ ਅਤੇ 3 ਬੱਚਿਆਂ ਦੀ ਮੌਕੇ 'ਤੇ ਮੌਤ

ਸੀਨੀਅਰ ਪੁਲਸ ਕਪਤਾਨ ਡਾ. ਅਨਿਲ ਕੁਮਾਰ ਅਨੁਸਾਰ, ਇਹ ਹਾਦਸਾ ਕੰਧਰਾਪੁਰ ਥਾਣਾ ਖੇਤਰ ਦੇ ਮਾਈਲ ਸਟੋਨ 238/239 ਦੇ ਕੋਲ ਵਾਪਰਿਆ। ਗਾਜ਼ੀਪੁਰ ਤੋਂ ਲਖਨਊ ਵੱਲ ਜਾ ਰਹੀ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਅਚਾਨਕ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ ਸਵਾਰ ਮਨੀਸ਼ ਸ਼੍ਰੀਵਾਸਤਵ (38), ਉਨ੍ਹਾਂ ਦੀ ਪਤਨੀ ਕੰਚਨ ਸ਼੍ਰੀਵਾਸਤਵ (35), ਬੇਟੀ ਅਦਿਤੀ (16), ਬੇਟੀ ਆਸਥਾ (14) ਅਤੇ 15 ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੇ ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਸਿਸਵਨ ਦੇ ਰਹਿਣ ਵਾਲੇ ਸਨ।

ਨੀਂਦ ਦੀ ਝਪਕੀ ਹੋ ਸਕਦੀ ਹੈ ਹਾਦਸੇ ਦਾ ਕਾਰਨ

ਟ੍ਰੈਫਿਕ ਪੁਲਸ ਦੇ ਐੱਸ.ਪੀ. ਪੰਕਜ ਸ਼੍ਰੀਵਾਸਤਵ ਨੇ ਦੱਸਿਆ ਕਿ ਦੁਪਹਿਰ ਕਰੀਬ ਢਾਈ ਵਜੇ ਸੂਚਨਾ ਮਿਲਣ 'ਤੇ ਪੁਲਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਰਾਹਤ ਟੀਮਾਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਮੁੱਢਲੀ ਜਾਂਚ 'ਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੰਬੇ ਸਫ਼ਰ ਦੌਰਾਨ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਟਰੱਕ 'ਚ ਜਾ ਵੜੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ 'ਚ ਮਾਤਮ ਛਾ ਗਿਆ ਹੈ ਅਤੇ ਰਿਸ਼ਤੇਦਾਰ ਸਿਵਾਨ ਤੋਂ ਆਜ਼ਮਗੜ੍ਹ ਲਈ ਰਵਾਨਾ ਹੋ ਗਏ ਹਨ।


author

Sunaina

Content Editor

Related News