ਊਧਮਪੁਰ ''ਚ ਵਾਪਰਿਆ ਭਿਆਨਕ ਹਾਦਸਾ ! ਖੱਡ ''ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 2 ਦੀ ਗਈ ਜਾਨ
Wednesday, Oct 21, 2026 - 04:28 PM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਊਧਮਪੁਰ ਜ਼ਿਲ੍ਹੇ ਦੇ ਦੂਰ-ਦੁਰਾਡੇ ਪਹਾੜੀ ਇਲਾਕੇ 'ਚ ਬੁੱਧਵਾਰ ਸਵੇਰੇ ਵਾਪਰੇ ਇੱਕ ਭਿਆਨਕ ਹਾਦਸੇ 'ਚ ਇਕ ਬੱਚੀ ਸਣੇ 2 ਲੋਕਾਂ ਦੀ ਮੌਤ ਹੋ ਗਈ ਹੈ। ਪਚੌਂਡ ਤੋਂ ਰਾਮਨਗਰ ਜਾ ਰਹੀ ਇੱਕ ਬੱਸ ਪਹਾੜੀ ਰਸਤੇ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਇੱਕ 4 ਸਾਲਾ ਮਾਸੂਮ ਬੱਚੀ ਅਤੇ ਇੱਕ 24 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ 15 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਪਚੌਂਡ ਤੋਂ ਰਾਮਨਗਰ ਵੱਲ ਜਾ ਰਹੀ ਸੀ ਕਿ ਸਵੇਰੇ ਕਰੀਬ 8 ਵਜੇ 'ਗੁੱਲੀ ਗਲਾ' ਨੇੜੇ ਬੱਸ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਬਚਾਅ ਅਭਿਆਨ ਸ਼ੁਰੂ ਕੀਤਾ ਅਤੇ 17 ਜ਼ਖਮੀਆਂ ਨੂੰ ਬਸੰਤਗੜ੍ਹ ਦੇ ਪ੍ਰਾਇਮਰੀ ਹੈਲਥ ਸੈਂਟਰ ਪਹੁੰਚਾਇਆ, ਜਿਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਸੁਨੀਤਾ ਦੇਵੀ (24) ਅਤੇ ਤਕਸ਼ਿਕਾ (4) ਵਜੋਂ ਹੋਈ ਹੈ, ਜਿਨ੍ਹਾਂ ਨੂੰ ਹਾਦਸੇ ਮਗਰੋਂ ਰਾਮਨਗਰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ।
ਉਪ ਰਾਜਪਾਲ ਮਨੋਜ ਸਿਨਹਾ ਅਤੇ ਸੀ.ਐੱਮ. ਉਮਰ ਅਬਦੁੱਲਾ ਨੇ ਪ੍ਰਸ਼ਾਸਨ ਨੂੰ ਜ਼ਖਮੀਆਂ ਲਈ ਬਿਹਤਰ ਤੋਂ ਬਿਹਤਰ ਮੁਫ਼ਤ ਇਲਾਜ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਵਿੱਤੀ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦਿੱਲੀ 'ਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਅਧਿਕਾਰੀਆਂ ਨਾਲ ਰਾਮਨਗਰ-ਬਸੰਤਗੜ੍ਹ ਸੜਕ ਦੇ ਤੁਰੰਤ ਨਿਰਮਾਣ ਦਾ ਮੁੱਦਾ ਚੁੱਕਿਆ। ਸਥਾਨਕ ਭਾਜਪਾ ਵਿਧਾਇਕ ਸੁਨੀਲ ਭਾਰਦਵਾਜ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ ਅਤੇ ਪਹਾੜੀ ਖੇਤਰਾਂ 'ਚ ਸੜਕੀ ਸੁਰੱਖਿਆ ਤੇ ਸਿਹਤ ਸੁਵਿਧਾਵਾਂ 'ਚ ਸੁਧਾਰ ਦੀ ਮੰਗ ਕੀਤੀ।
