IIT ਪਵਈ ਕੈਂਪਸ ''ਚ ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ, 2 ਬੱਚਿਆਂ ਸਣੇ 5 ਲੋਕ ਝੁਲਸੇ
Friday, Oct 09, 2026 - 12:43 AM (IST)
ਮੁੰਬਈ : ਮੁੰਬਈ ਦੇ ਪਵਈ ਸਥਿਤ ਆਈ.ਆਈ.ਟੀ. (IIT) ਕੈਂਪਸ ਦੇ ਹੋਸਟਲ ਨੰਬਰ-6 ਵਿੱਚ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਕੁੱਲ ਪੰਜ ਲੋਕ ਝੁਲਸ ਕੇ ਜ਼ਖਮੀ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬੀ.ਐੱਮ.ਸੀ. (BMC) ਦਾ ਸਟਾਫ ਮੌਕੇ 'ਤੇ ਪਹੁੰਚ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ 8 ਅਕਤੂਬਰ ਦੀ ਰਾਤ ਲਗਭਗ 10:24 ਵਜੇ ਵਾਪਰੀ। ਸ਼ੁਰੂਆਤੀ ਜਾਂਚ ਮੁਤਾਬਕ ਗੈਸ ਸਿਲੰਡਰ ਦੀ ਪਾਈਪ ਵਿੱਚੋਂ ਗੈਸ ਨਿਕਲ ਰਹੀ ਸੀ, ਜਿਸ ਤੋਂ ਬਾਅਦ ਅਚਾਨਕ ਭੜਕੀ ਅੱਗ (ਫਲੇਅਰ-ਅੱਪ) ਦੀ ਲਪੇਟ ਵਿੱਚ ਆਉਣ ਨਾਲ ਉੱਥੇ ਮੌਜੂਦ ਲੋਕ ਝੁਲਸ ਗਏ।
ਹਾਦਸੇ ਤੋਂ ਤੁਰੰਤ ਬਾਅਦ ਸਾਰੇ ਪੰਜ ਜ਼ਖਮੀਆਂ ਨੂੰ ਇਲਾਜ ਲਈ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਉੱਥੋਂ ਚਾਰ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਕਸਤੂਰਬਾ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਇੱਕ ਦਾ ਇਲਾਜ ਰਾਜਾਵਾੜੀ ਹਸਪਤਾਲ ਵਿੱਚ ਹੀ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਸਾਰੇ ਜ਼ਖਮੀਆਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਗਈ ਹੈ।
ਕਸਤੂਰਬਾ ਹਸਪਤਾਲ ਭੇਜੇ ਗਏ ਜ਼ਖਮੀਆਂ ਵਿੱਚ 12 ਸਾਲਾ ਅੰਸ਼ ਅਹੀਰਵਾਰ, 9 ਸਾਲਾ ਤਹਜੀਬ ਆਲਮ, 34 ਸਾਲਾ ਸ਼ਿਵਕੁਮਾਰ ਸਿੰਘ ਅਤੇ 23 ਸਾਲਾ ਅਨਿਲਕੁਮਾਰ ਯਾਦਵ ਸ਼ਾਮਲ ਹਨ। ਇਸ ਤੋਂ ਇਲਾਵਾ 37 ਸਾਲਾ ਈਸ਼ਵਰ ਸਿੰਘ ਦਾ ਇਲਾਜ ਰਾਜਾਵਾੜੀ ਹਸਪਤਾਲ ਵਿੱਚ ਚੱਲ ਰਿਹਾ ਹੈ।
