ਹਿਮਾਚਲ ''ਚ ਕੋਰੋਨਾ ਨਾਲ 10ਵੀਂ ਮੌਤ, 108 ਨਵੇਂ ਮਾਮਲੇ ਆਏ ਸਾਹਮਣੇ
Tuesday, Jul 21, 2020 - 05:47 PM (IST)
ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਸੂਬੇ ਵਿਚ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਜਦਕਿ ਮੰਡੀ ਜ਼ਿਲ੍ਹੇ ਵਿਚ ਇਹ ਤੀਜੀ ਮੌਤ ਹੈ। ਮੰਡੀ ਦੇ ਨੇਰਚੌਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨੋਡਲ ਅਧਿਕਾਰੀ ਡਾ. ਜੀਵਾਨੰਦ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੀ ਸਰਕਾਘਾਟ ਤਹਿਸੀਲ ਦੇ ਚੈਲਥਰਾ ਵਾਸੀ 75 ਸਾਲਾ ਕੋਰੋਨਾ ਪਾਜ਼ੇਟਿਵ ਬਜ਼ੁਰਗ ਬੀਬੀ ਨੇ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਹਿਮਾਚਲ 'ਚ 7 ਜਵਾਨਾਂ ਸਮੇਤ ਕੋਰੋਨਾ ਦੇ 40 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਇਸ ਬੀਬੀ ਨੂੰ ਬੀਤੀ 16 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨੇਰਚੌਕ ਸਥਿਤ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਬੀਬੀ ਸ਼ੂਗਰ ਅਤੇ ਗੁਰਦੇ ਦੀ ਬੀਮਾਰੀ ਤੋਂ ਪੀੜਤ ਸੀ। ਮ੍ਰਿਤਕਾ ਦੀ ਨੂੰਹ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਅਤੇ ਉਸ ਨੂੰ ਵੀ ਇਸੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕੋਰੋਨਾ ਕਾਰਨ ਮੰਡੀ ਵਿਚ ਇਸ ਤੀਜੀ ਮੌਤ ਤੋਂ ਇਲਾਵਾ ਇਹ ਮਹਾਮਾਰੀ ਸੂਬੇ ਦੇ ਹਮੀਰਪੁਰ ਜ਼ਿਲ੍ਹੇ 'ਚ 3, ਸ਼ਿਮਲਾ ਅਤੇ ਕਾਂਗੜਾ ਜ਼ਿਲ੍ਹਿਆਂ ਵਿਚ 2-2 ਲੋਕਾਂ ਦੀ ਜ਼ਿੰਦਗੀ ਖਤਮ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਆਕਸਫੋਰਡ ਦੀ 'ਕੋਰੋਨਾ ਵੈਕਸੀਨ' ਅਸਰਦਾਰ, ਭਾਰਤ ਵੀ ਨਿਭਾਏਗਾ ਅਹਿਮ ਰੋਲ
ਸੂਬੇ ਵਿਚ ਬੀਤੇ 24 ਘੰਟਿਆਂ ਅੰਦਰ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,631 ਹੋ ਗਈ ਹੈ, ਜਦਕਿ ਇਨ੍ਹਾਂ 'ਚੋਂ 1,067 ਲੋਕ ਸਿਹਤਯਾਬ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਦੇ ਸਰਗਰਮ ਮਾਮਲੇ 538 ਹਨ।