ਬਿਹਾਰ ’ਚ ਰਾਜਗ ਤੇ ਮਹਾਗੱਠਜੋੜ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ, ਚਿਰਾਗ ਪਾਸਵਾਨ ਦਾ ਮੁੱਦਾ ਅਹਿਮ

Wednesday, Oct 08, 2025 - 12:09 AM (IST)

ਬਿਹਾਰ ’ਚ ਰਾਜਗ ਤੇ ਮਹਾਗੱਠਜੋੜ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ, ਚਿਰਾਗ ਪਾਸਵਾਨ ਦਾ ਮੁੱਦਾ ਅਹਿਮ

ਨੈਸ਼ਨਲ ਡੈਸਕ- ਬਿਹਾਰ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪ੍ਰਮੁੱਖ ਪਾਰਟੀਆਂ ਦਰਮਿਅਾਨ ਖਿੱਚੋਤਾਣ ਤੇਜ਼ ਹੋ ਗਈ ਹੈ। ਭਾਜਪਾ ਆਗੂਆਂ ਨੂੰ ਉਮੀਦ ਹੈ ਕਿ ਰਾਜਗ ਦੇ ਸਹਿਯੋਗੀ 10 ਤੋਂ 12 ਅਕਤੂਬਰ ਤੱਕ ਸੀਟਾਂ ਦੀ ਵੰਡ 'ਤੇ ਸਹਿਮਤੀ ਬਣਾ ਲੈਣਗੇ, ਜਦੋਂ ਕਿ ‘ਇੰਡੀਆ’ ਮਹਾਂਗਠਜੋੜ ਦੀਆਂ ਪਾਰਟੀਆਂ ਵੀ ਅਗਲੇ ਹਫ਼ਤੇ ਅੰਦਰ ਇਸ ਫਾਰਮੂਲੇ 'ਤੇ ਫੈਸਲਾ ਲੈਣ ਲਈ ਭਰੋਸੇਮੰਦ ਹਨ।

ਕੇਂਦਰੀ ਮੰਤਰੀ ਤੇ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਨੇ ਸਹਿਯੋਗੀਆਂ ਨਾਲ ਗੱਲਬਾਤ ਦਾ ਇਕ ਦੌਰ ਪੂਰਾ ਕਰ ਲਿਆ ਹੈ। ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ, ‘ਹਮ’ ਦੇ ਜੀਤਨ ਰਾਮ ਮਾਂਝੀ, ਅਤੇ ਆਰ. ਐੱਲ. ਐੱਮ .ਦੇ ਉਪੇਂਦਰ ਕੁਸ਼ਵਾਹਾ ਨੇ ਧਰਮਿੰਦਰ ਪ੍ਰਧਾਨ, ਵਿਨੋਦ ਤਾਵੜੇ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ ਹੈ। ਸੀਟਾਂ ਦੀ ਵੰਡ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਭਾਜਪਾ ਸੂਤਰਾਂ ਨੇ ਕਿਹਾ ਕਿ ਪਾਰਟੀ 100 ਤੋਂ 102 ਸੀਟਾਂ ਤੇ ਚੋਣ ਲੜ ਸਕਦੀ ਹੈ। ਜਨਤਾ ਦਲ (ਯੂ) ਘੱਟ ਸੀਟਾਂ ’ਤੇ ਚੋਣਾਂ ਲੜ ਸਕਦੀ ਹੈ।

ਮੁੱਖ ਮੰਤਰੀ ਨਿਤੀਸ਼ ਕੁਮਾਰ ਜ਼ਮੀਨੀ ਹਕੀਕਤਾਂ ਨਾਲ ਸਹਿਮਤ ਹੋਏ ਜਾਪਦੇ ਹਨ। ਛੋਟੀਆਂ ਸਹਿਯੋਗੀ ਪਾਰਟੀਆਂ ਹੋਰ ਸੀਟਾਂ ’ਤੇ ਚੋਣ ਲੜਨ ਲਈ ਜ਼ੋਰ ਪਾ ਰਹੀਆਂ ਹਨ। ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਜਪਾ (ਆਰ. ਐੱਲ. ਡੀ.) ਨੂੰ 25 ਤੋਂ 28 ਸੀਟਾਂ ਮਿਲ ਸਕਦੀਆਂ ਹਨ ਪਰ ਉਹ 40 ਸੀਟਾਂ ਚਾਹੁੰਦੀ ਹੈ।

ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੀ ‘ਹਮ’ ਨੂੰ 6-7 ਸੀਟਾਂ ਤੇ ਉਪੇਂਦਰ ਕੁਸ਼ਵਾਹਾ ਨੂੰ 4 ਸੀਟਾਂ ਮਿਲਣ ਦੀ ਉਮੀਦ ਹੈ। ਹੋਰਨਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਦੇ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ। ਲੋਜਪਾ ਦੇ ਚਿਰਾਗ ਪਾਸਵਾਨ ਨਾਲ ਪਟਨਾ ’ਚ ਅਜੇ ਕੋਈ ਗੱਲਬਾਤ ਨਹੀਂ ਹੋਈ ਹੈ। ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਚਿਰਾਗ ਪਾਸਵਾਨ ਭਾਜਪਾ ਨਾਲੋਂ ਵੱਧ ਸੀਟਾਂ ਲੈਣ ਲਈ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਝਾਵ ਪਾਰਟੀ ਨਾਲ ਗੱਲਬਾਤ ਕਰ ਰਹੇ ਹਨ।

ਰਾਜਦ ਵੱਲੋਂ 135 ਤੋਂ 138 ਸੀਟਾਂ ਤੇ ਚੋਣ ਲੜਨ ਦੀ ਸੰਭਾਵਨਾ ਹੈ। ਕਾਂਗਰਸ 65 ਸੀਟਾਂ, ਖੱਬੇ ਪੱਖੀ ’ਪਾਰਟੀਆਂ 30 ਸੀਟਾਂ, ਮੁਕੇਸ਼ ਸਾਹਨੀ ਦੀ ਅਗਵਾਈ ਵਾਲੀ ਵੀ. ਆਈ. ਪੀ. 12 ਤੋਂ 14 ਸੀਟਾਂ, ਆਰ. ਐੱਲ. ਐਸ. ਪੀ. (ਪਸ਼ੂਪਤੀ ਪਾਰਸ) 2-3 ਸੀਟਾਂ ਤੇ ਜੇ.ਐੱਮ. ਐੱਮ. ਇਕ ਸੀਟ ’ਤੇ ਚੋਣ ਲੜੇਗੀ।


author

Rakesh

Content Editor

Related News