ਕੋਵਿਡ-19 ਰੋਗੀ ਦੀ ਲਾਸ਼ ਨੂੰ ਟਰੈਕਟਰ ''ਤੇ ਰੱਖ ਖੁਦ ਸ਼ਮਸ਼ਾਨ ਲੈ ਗਿਆ ਇਕ ਸਰਕਾਰੀ ਡਾਕਟਰ
Monday, Jul 13, 2020 - 06:35 PM (IST)
ਹੈਦਰਾਬਾਦ- ਤੇਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸਿਹਤ ਕਰਮੀਆਂ 'ਚ ਪੈਦਾ ਡਰ ਨੂੰ ਦੂਰ ਕਰਨ ਲਈ ਇਕ ਡਾਕਟਰ ਖੁਦ ਹੀ ਟਰੈਕਟਰ ਚਲਾ ਕੇ ਲਾਸ਼ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਇਕ ਸਰਕਾਰੀ ਹਸਪਤਾਲ 'ਚ ਕੋਵਿਡ-19 ਮਰੀਜ਼ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਇਸ ਹਸਪਤਾਲ 'ਚ ਇਨਫੈਕਸ਼ਨ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਸੀ ਅਤੇ ਲਾਸ਼ ਨੂੰ ਲਿਜਾਉਣ ਲਈ ਤੁਰੰਤ ਐਂਬੂਲੈਂਸ ਉਪਲੱਬਧ ਨਹੀਂ ਹੋ ਸਕੀ। ਇਸ ਤੋਂ ਬਾਅਦ ਟਰੈਕਟਰ ਦੀ ਵਿਵਸਥਾ ਕੀਤੀ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਨਗਰ ਨਿਗਮ ਚਾਲਕ ਅਤੇ ਹੋਰ ਚਾਲਕ ਕੋਰੋਨਾ ਕਾਰਨ ਮਰੇ ਵਿਅਕਤੀ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਉਣ ਤੋਂ ਡਰ ਰਹੇ ਸਨ। ਇਸ ਡਰ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦੇ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾਕਟਰ ਸ਼੍ਰੀਰਾਮ ਨੇ ਪੀਪੀਈ ਪਹਿਨ ਕੇ ਖੁਦ ਹੀ ਟਰੈਕਟਰ ਚਲਾਇਆ ਅਤੇ ਲਾਸ਼ ਨੂੰ ਸ਼ਮਸ਼ਾਨ ਲੈ ਗਏ।
ਜ਼ਿਲ੍ਹਾ ਪ੍ਰਸ਼ਾਸਨ ਨੇ ਪੀਪੀਈ ਸਮੇਤ ਸਾਰੇ ਬਚਾਅ ਯੰਤਰ ਮੁਹੱਈਆ ਕਰਵਾਏ ਸਨ ਅਤੇ ਲਾਸ਼ ਨੂੰ ਵੀ ਇਨਫੈਕਸ਼ਨ ਮੁਕਤ ਕੀਤਾ ਗਿਆ ਸੀ। ਸ਼੍ਰੀਰਾਮ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਪੀਪੀਈ ਪਹਿਨਾਈ ਗਈ। ਉਨ੍ਹਾਂ ਨੇ ਦੱਸਿਆ,''ਬਚਾਅ ਵਾਲੇ ਸਾਰੇ ਕਦਮ ਚੁੱਕੇ ਗਏ। ਸਾਰੀਆਂ ਚੀਜ਼ਾਂ ਅਸੀਂ ਨਿਯਮ ਅਨੁਸਾਰ ਕੀਤੀਆਂ। ਨਗਰ ਨਿਗਮ ਦੇ ਚਾਲਕ ਲਈ ਇਹ ਨਵੇਂ ਤਰ੍ਹਾਂ ਦਾ ਮਾਮਲਾ ਸੀ। ਟਰੈਕਟਰ ਸਿਰਫ਼ ਇਸ ਲਈ ਚਲਾਇਆ ਤਾਂ ਕਿ ਉਸ ਨੂੰ ਭਰੋਸਾ ਦਿੱਤਾ ਜਾ ਸਕੇ ਅਤੇ ਇਹ ਵੀ ਦਿਖਾਇਆ ਜਾਵੇ ਕਿ ਪ੍ਰਸ਼ਾਸਨ ਕੋਵਿਡ-19 ਵਿਰੁੱਧ ਲੜਾਈ 'ਚ ਮੋਹਰੀ ਮੋਰਚੇ 'ਤੇ ਹੈ। ਸਰਕਾਰੀ ਪ੍ਰਸ਼ਾਸਨ 'ਚ ਖਾਸ ਤੌਰ 'ਤੇ ਇਹ ਮੇਰੀ ਜ਼ਿੰਮੇਵਾਰੀ ਹੈ।''