ਤੇਜਸਵੀ ਯਾਦਵ ਨੇ ਵਿਧਾਇਕਾਂ ਨੂੰ ਦਿੱਤਾ ਸਖਤ ਸੰਦੇਸ਼, ਕਿਹਾ- ਕੰਮ ਦਿਖਾਓ ਅਤੇ ਟਿਕਟ ਪਾਓ
Monday, Jun 24, 2024 - 12:45 AM (IST)
ਨੈਸ਼ਨਲ ਡੈਸਕ- ਬਿਹਾਰ ਦੀ ਰਾਜਧਾਨੀ ਪਟਨਾ ’ਚ ਰਾਜਦ ਵੱਲੋਂ ਪਿਛਲੇ ਦੋ ਦਿਨਾਂ ਤੱਕ ਕੀਤੀ ਗਈ ਸਮੀਖਿਆ ਬੈਠਕ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਕਈ ਸੀਟਾਂ ’ਤੇ ਆਪਸੀ ਖਿੱਚੋਤਾਣ ਕਾਰਨ ਰਾਜਦ ਨੂੰ ਲੋਕ ਸਭਾ ਚੋਣਾਂ ’ਚ ਉਮੀਦ ਅਨੁਸਾਰ ਸਫਲਤਾ ਨਹੀਂ ਮਿਲੀ।
ਰਾਜਦ ਦੀ ਸਮੀਖਿਆ ਬੈਠਕ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਨਵਾਦਾ, ਉਜਿਆਰਪੁਰ, ਅਰਰਿਆ, ਪੂਰਨਿਆ ਅਤੇ ਸੀਵਾਨ ਵਰਗੀਆਂ ਕਈ ਸੀਟਾਂ ’ਤੇ ਪਾਰਟੀ ਦੇ ਵੋਟ ਬੈਂਕ ’ਚ ਵਿਰੋਧੀ ਸੰਨ੍ਹ ਲਾਉਣ ’ਚ ਕਾਮਯਾਬ ਹੋ ਗਏ।
ਅਜਿਹੇ ’ਚ ਕਈ ਸੀਟਾਂ ’ਤੇ ਮੁਸਲਿਮ-ਯਾਦਵ ਵੋਟ ਬੈਂਕ ਦੇ ਖਿਸਕਣ ਦੀ ਆਹਟ ਤੋਂ ਬਾਅਦ ਰਾਜਦ ਨੇ ਹੁਣ ਰਣਨੀਤੀ ’ਚ ਤਬਦੀਲੀ ਦਾ ਮਨ ਬਣਾ ਲਿਆ ਹੈ। ਵਿਧਾਇਕਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਇਲਾਕੇ ’ਚ ਹੋਏ ਕੰਮ ਨੂੰ ਦਿਖਾਉਣ, ਉਦੋਂ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇਗੀ।
ਇਕ ਰਿਪੋਰਟ ਮੁਤਾਬਕ ਤੇਜਸਵੀ ਯਾਦਵ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਖੇਤਰ ’ਚ ਪ੍ਰਾਪਤੀਆਂ ਦਿਖਾਉਣ, ਨਹੀਂ ਤਾਂ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਜਾਵੇਗੀ। ਦੋ ਮਹੀਨੇ ’ਚ ਆਪਣੇ-ਆਪਣੇ ਖੇਤਰਾਂ ’ਚ ਕੰਮ ਕਰਨ। ਫਿਰ ਕੋਈ ਸ਼ਿਕਾਇਤ ਨਹੀਂ ਸੁਣਾਂਗੇ। ਉੱਥੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਵਿਧਾਇਕ ਅਤੇ ਰਾਜਦ ਦੇ ਆਗੂ ਤੇ ਵਰਕਰ ਤੇਜਸਵੀ ਯਾਦਵ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ।
ਓਧਰ, ਤੇਜਸਵੀ ਯਾਦਵ ਨੇ ਆਪਣੀ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵੱਖ ਹੋਣ ਤੋਂ ਬਾਅਦ ਥੋੜ੍ਹੀ ਨਿਰਾਸ਼ਾ ਦੀ ਸਥਿਤੀ ਸੀ ਪਰ ਬਿਹਾਰ ਤੋਂ ਵੀ ਭਾਜਪਾ ਵਿਰੁੱਧ ਸੰਘਰਸ਼ ਸ਼ੁਰੂ ਹੋਇਆ ਅਤੇ ਪੂਰੇ ਦੇਸ਼ ’ਚ ਗਿਆ। ਰਾਜਦ ਦੀ ਵੋਟ ਫੀਸਦੀ ਵਧੀ ਪਰ ਸੀਟਾਂ ਘੱਟ ਹਾਸਲ ਹੋਈਆਂ।
ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ’ਚ 23 ਸੀਟਾਂ ’ਤੇ ਚੋਣ ਲੜਨ ਵਾਲੀ ਰਾਜਦ ਸਿਰਫ ਚਾਰ ਸੀਟਾਂ ਜਿੱਤ ਸਕੀ। ਹਾਲਾਂਕਿ 2019 ਦੇ ਮੁਕਾਬਲੇ ਇਸ ਵਾਰ ਦੇ ਨਤੀਜੇ ਨੂੰ ਚੰਗਾ ਕਿਹਾ ਜਾ ਸਕਦਾ ਹੈ ਕਿਉਂਕਿ ਉਦੋਂ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਰਾਜਦ ਨੂੰ ਇਨ੍ਹਾਂ ਚੋਣਾਂ ’ਚ 22.14 ਫੀਸਦੀ ਵੋਟਾਂ ਮਿਲੀਆਂ ਜਦਕਿ 2019 ’ਚ ਉਸ ਨੂੰ 15.7 ਫੀਸਦੀ ਵੋਟਾਂ ਮਿਲੀਆਂ ਸਨ।