ਤੇਜਸਵੀ ਦਾ ਪ੍ਰਣ ਨਹੀਂ ਫੂਕ ਸਕਿਆ ਸਾਹ, ਮਹਾਗੱਠਜੋੜ ਦੀ ਹਾਰ ਦੇ 6 ਵੱਡੇ ਕਾਰਨ

Saturday, Nov 15, 2025 - 03:50 AM (IST)

ਤੇਜਸਵੀ ਦਾ ਪ੍ਰਣ ਨਹੀਂ ਫੂਕ ਸਕਿਆ ਸਾਹ, ਮਹਾਗੱਠਜੋੜ ਦੀ ਹਾਰ ਦੇ 6 ਵੱਡੇ ਕਾਰਨ

ਪਟਨਾ - ਬਿਹਾਰ ਵਿਧਾਨ ਸਭਾ ਚੋਣਾਂ ’ਚ ਜਨਤਾ ਨੇ ਇਕ ਮਜ਼ਬੂਤ ਸੁਨੇਹਾ ਦਿੱਤਾ ਹੈ। ਜਦ (ਯੂ)-ਭਾਜਪਾ ਦੀ ਅਗਵਾਈ ਵਾਲੇ ਰਾਜਗ ਨੇ ਮਹਾਗੱਠਜੋੜ ਨੂੰ ਵੱਡੇ ਫਰਕ ਨਾਲ ਧੋਬੀ-ਪਟਕਾ ਦਿੱਤਾ ਹੈ। ਇਸ ਨਾਲ 20 ਸਾਲ ਬਾਅਦ ਸੱਤਾ ’ਚ ਵਾਪਸੀ ਦੀ ਵਿਰੋਧੀ ਗੱਠਜੋੜ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਬਿਹਾਰ ਚੋਣ ਨਤੀਜਿਆਂ ’ਚ ਸਭ ਤੋਂ ਵੱਧ ਹੈਰਾਨ ਕੀਤਾ ਹੈ ਜਨਸੁਰਾਜ ਨੇ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਦੇ ਉਮੀਦਵਾਰ ਕਿਸੇ ਵੀ ਸੀਟ ’ਤੇ ਜਿੱਤ ਦਰਜ ਨਹੀਂ ਕਰ ਸਕੇ ਹਨ।
ਬਿਹਾਰ ਵਿਧਾਨ ਸਭਾ ਚੋਣਾਂ ’ਚ ਮਹਾਗੱਠਜੋੜ ਦੇ ਪੱਛੜਣ ਦੇ 6 ਵੱਡੇ ਕਾਰਨ ਰਹੇ ਹਨ, ਜੋ ਇਸ ਤਰ੍ਹਾਂ ਹਨ :

1. ਹਵਾ-ਹਵਾਈ ਚੋਣ ਵਾਅਦੇ
ਤੇਜਸਵੀ ਨੇ ਹਰ ਘਰ ਸਰਕਾਰੀ ਨੌਕਰੀ, ਪੈਨਸ਼ਨ, ਮਹਿਲਾ ਸਸ਼ਕਤੀਕਰਨ ਵਰਗੇ ਵੱਡੇ ਵਾਅਦੇ ਕੀਤੇ ਪਰ ਫੰਡਿੰਗ ਅਤੇ ਟਾਈਮਲਾਈਨ ਦਾ ਠੋਸ ਪਲਾਨ ਜਨਤਾ ਨਾਲ ਸਾਂਝਾ ਨਹੀਂ ਕੀਤਾ। ਅਜਿਹੇ ’ਚ ਇਹ ਵਾਅਦੇ ਲੋਕਾਂ ਨੂੰ ਹਕੀਕਤ ਨਾਲੋਂ ਜ਼ਿਆਦਾ ਹਵਾ-ਹਵਾਈ ਲੱਗਣ ਲੱਗੇ। ਮਹਾਗੱਠਜੋੜ ਦੇ ਨੇਤਾ ਵਾਰ-ਵਾਰ ਕਹਿੰਦੇ ਰਹੇ ਕਿ ਬਲਿਊਪ੍ਰਿੰਟ ਆਵੇਗਾ ਪਰ ਚੋਣਾਂ ਖਤਮ ਹੋਣ ਤੱਕ ਨਹੀਂ ਆ ਸਕਿਆ। ਇਸ ਨਾਲ ਰਾਜਦ ਅਤੇ ਮਹਾਗੱਠਜੋੜ ਦੇ ਨੇਤਾਵਾਂ ਦੀ ਭਰੋਸੇਯੋਗਤਾ ਜਨਤਾ ਦੀ ਨਜ਼ਰ ’ਚ ਘੱਟ ਹੋਈ।

ਦੂਜੇ ਪਾਸੇ, ਰਾਜਗ ਨੇ ਮਹਾਗੱਠਜੋੜ ਦੇ ਦਾਅਵਿਆਂ ਨੂੰ ਹਵਾ-ਹਵਾਈ ਦੱਸ ਕੇ ਚੋਣਾਂ ਦੌਰਾਨ ਖੂਬ ਭੁਨਾਇਆ। ਨਤੀਜਾ ਇਹ ਰਿਹਾ ਕਿ ਉਹ ਆਪਣੇ ਵੋਟਰਾਂ ਨੂੰ ਲਾਮਬੰਦ ਕਰਨ ’ਚ ਸਫਲ ਰਹੇ।

2. ਸੀਟ ਵੰਡ ’ਚ ਦੇਰੀ ਅਤੇ ਭਰੋਸੇ ਦੀ ਕਮੀ
ਪੂਰੀਆਂ ਚੋਣਾਂ ’ਚ ਮਹਾਗੱਠਜੋੜ ਖੇਮੇ ’ਚ ਰਾਜਦ ਹੀ ਰਾਜਦ ਨਜ਼ਰ ਆਇਆ। ਰਾਜਦ ਨੇ ਚੋਣ ਪ੍ਰਚਾਰ ਨੂੰ ਆਪਣੇ ਅੰਦਾਜ਼ ’ਚ ਅੱਗੇ ਵਧਾਇਆ। ਰਾਜਦ, ਕਾਂਗਰਸ ਅਤੇ ਖੱਬੇ -ਪੱਖੀ ਪਾਰਟੀਆਂ ਵਿਚਾਲੇ ਅੰਦਰਖਾਤੇ ਭਰੋਸੇ ਦੀ ਕਮੀ ਦਿਸੀ। ਰਾਜਦ ਦਾ ਕਾਂਗਰਸ ਅਤੇ ਖੱਬੇ -ਪੱਖੀ ਪਾਰਟੀਆਂ ਨਾਲ ਹੋਇਆ ਸੀਟ ਸ਼ੇਅਰਿੰਗ ਵਿਵਾਦ ਮਹਾਗੱਠਜੋੜ ਨੂੰ ਭਾਰੀ ਪੈ ਗਿਆ। ਸੀਟ ਵੰਡ ਦਾ ਐਲਾਨ ਮਹਾਗੱਠਜੋੜ ਵੱਲੋਂ ਕਾਫ਼ੀ ਦੇਰ ਨਾਲ ਕੀਤਾ ਗਿਆ। ਇਸ ਨਾਲ ਇਕਜੁੱਟ ਹੋ ਕੇ ਧਰਾਤਲ ’ਤੇ ਉਨ੍ਹਾਂ ਨੂੰ ਚੋਣਾਂ ਦੀ ਤਿਆਰੀ ਕਰਨ ਦਾ ਪੂਰਾ ਸਮਾਂ ਨਹੀਂ ਮਿਲਿਆ। ਇਸ ਵਿਵਾਦ ਨੇ ਗੱਠਜੋੜ ਨੂੰ ਧਰਾਤਲ ’ਤੇ ਕਮਜ਼ੋਰ ਕੀਤਾ। ਤੇਜਸਵੀ ਯਾਦਵ ਉਸ ਭਰੋਸੇ ਨੂੰ ਹਾਸਲ ਕਰਨ ’ਚ ਅਸਫਲ ਰਹੇ, ਜੋ ਵੋਟਰਾਂ ਨੂੰ ਆਪਣੇ ਪੱਖ ’ਚ ਕਰ ਸਕਦਾ ਸੀ।

ਐਲਾਨ-ਪੱਤਰ ਦਾ ਨਾਂ ‘ਤੇਜਸਵੀ ਪ੍ਰਣ’ ਰੱਖਣਾ ਵੀ ਗਲਤ ਫੈਸਲਾ ਸਾਬਤ ਹੋਇਆ ਅਤੇ ਪ੍ਰਚਾਰ ’ਚ ਸਹਿਯੋਗੀਆਂ ਨੂੰ ਤਰਜੀਹ ਨਾ ਦੇਣਾ ਮਹਾਗੱਠਜੋੜ ਨੂੰ ਭਾਰੀ ਪਿਆ। ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਤੇਜਸਵੀ ਪ੍ਰਣ ਮਹਾਗੱਠਜੋੜ ’ਚ ਸਾਹ ਨਹੀਂ ਫੂਕ ਸਕਿਆ।

3. ‘ਜੰਗਲਰਾਜ’ ਅਤੇ ਮੁਸਲਿਮਪ੍ਰਸਤ’ ਅਕਸ ਦਾ ਨੁਕਸਾਨ
ਮਹਾਗੱਠਜੋੜ ਮੁਸਲਮਾਨ ਬਹੁਤਾਤ ਵਾਲੀਆਂ ਸੀਟਾਂ ’ਤੇ ਤਾਂ ਮਜ਼ਬੂਤ ਰਿਹਾ ਪਰ ਪੂਰੇ ਸੂਬੇ ’ਚ ਇਹ ਅਕਸ ਨੁਕਸਾਨਦੇਹ ਸਾਬਤ ਹੋਈ। ਭਾਜਪਾ ਨੇ ਇਸ ਨੂੰ ਭੁਨਾਇਆ ਅਤੇ ਯਾਦਵ ਵੋਟ ਵੀ ਕਈ ਥਾਵਾਂ ’ਤੇ ਰਾਜਦ ਹੱਥੋਂ ਨਿਕਲ ਗਿਆ। ਵਕਫ ਬਿਲ ’ਤੇ ਤੇਜਸਵੀ ਦੇ ਬਿਆਨ ਨੇ ਵੀ ਵਿਵਾਦ ਵਧਾਇਆ। ਦੂਜੇ ਪਾਸੇ ਰਾਜਗ ਨੇ ਪੂਰੀਆਂ ਚੋਣਾਂ ਦੌਰਾਨ ਲਾਲੂ ਰਾਜ ਦੀ ਯਾਦ ਦਿਵਾ ਕੇ ‘ਜੰਗਲਰਾਜ’ ਨੂੰ ਨਿਸ਼ਾਨਾ ਬਣਾਇਆ। ਰਾਜਦ ਉਮੀਦਵਾਰਾਂ ਦੇ ਮੰਚ ਤੋਂ ਦਬੰਗਈ ਦੇ ਅੰਦਾਜ਼ ’ਚ ‘ਕੱਟੇ’ ਵਾਲਾ ਚੋਣ ਪ੍ਰਚਾਰ ਵੀ ਲੋਕਾਂ ਨੂੰ ਪਸੰਦ ਨਹੀਂ ਆਇਆ। ਚੋਣ ਪ੍ਰਚਾਰ ਦੇ ਆਖਰੀ ਦਿਨ ਰਾਜਦ ਉਮੀਦਵਾਰਾਂ ਦੇ ਮੰਚ ਤੋਂ ਤੇਜਸਵੀ ਰਾਜ ਆਉਣ ’ਤੇ ‘ਕੱਟਾ’ ਲਹਿਰਾਉਣ ਦੇ ਦਾਅਵੇ ਕੀਤੇ ਗਏ। ਇਸ ਨਾਲ ਜਨਤਾ ਨੂੰ ‘ਜੰਗਲਰਾਜ’ ਦਾ ਦੌਰ ਫਿਰ ਯਾਦ ਆ ਗਿਆ। ਨਤੀਜਾ ਇਹ ਹੋਇਆ ਕਿ ਜਿਹੜੀਆਂ ਵੋਟਾਂ ਪੱਖ ’ਚ ਪੈਂਦੀਆਂ ਸਨ, ਉਹ ਵੀ ਰਾਜਗ ਦੇ ਪੱਖ ’ਚ ਚਲੀਆਂ ਗਈਆਂ।

4. ਜਾਤੀ ਸਮੀਕਰਣ ਨੂੰ ਬਹੁਤ ਜ਼ਿਆਦਾ ਤਰਜੀਹ
ਰਾਸ਼ਟਰੀ ਜਨਤਾ ਦਲ ਨੇ 144 ਸੀਟਾਂ ’ਚੋਂ 52 ’ਤੇ ਯਾਦਵ ਉਮੀਦਵਾਰ ਉਤਾਰੇ, ਭਾਵ ਲੱਗਭਗ 36 ਫੀਸਦੀ। ਇਹ ਤੇਜਸਵੀ ਦੀ ‘ਯਾਦਵ ਏਕੀਕਰਨ’ ਰਣਨੀਤੀ ਸੀ ਪਰ ਇਸ ਨਾਲ ਜਾਤੀਵਾਦੀ ਅਕਸ ਹੋਰ ਮਜ਼ਬੂਤ ਹੋ ਗਿਆ। ਸਹਿਯੋਗੀ ਪਾਰਟੀਆਂ ਵੀ ਸ਼ੁਰੂਆਤੀ ਦੌਰ ’ਚ ਇਸ ਫੈਸਲੇ ਨਾਲ ਅਸਹਿਮਤ ਦਿਸੀਆਂ। ਗੈਰ-ਯਾਦਵ ਵੋਟ ਬੈਂਕ- ਉੱਚੇ ਅਤੇ ਅਤਿ ਪੱਛੜੇ ਵਰਗ- ਮਹਾਗੱਠਜੋੜ ਤੋਂ ਦੂਰ ਹੋ ਗਏ। ਭਾਜਪਾ ਨੇ ਇਸ ਨੂੰ ‘ਯਾਦਵ ਰਾਜ’ ਦਾ ਨੈਰੇਟਿਵ ਬਣਾ ਕੇ ਸ਼ਹਿਰੀ ਅਤੇ ਮੱਧ ਵਰਗ ਵਿਚਾਲੇ ਖੂਬ ਭੁਨਾਇਆ।

5. ਰਾਜਗ ਦਾ ਇਕਜੁੱਟ ਚਿਹਰਾ, ਮੋਦੀ ਫੈਕਟਰ ਅਤੇ ਨਿਤੀਸ਼ ’ਤੇ ਭਰੋਸਾ
ਰਾਜਗ ਨੇ ਸੀਟ ਸ਼ੇਅਰਿੰਗ ਅਤੇ ਪ੍ਰਚਾਰ ’ਚ ਇਕਜੁੱਟਤਾ ਵਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨੇ ਰਾਜਗ ਨੂੰ ਮਜ਼ਬੂਤ ਨੈਰੇਟਿਵ ਦਿੱਤਾ। ਮਹਾਗੱਠਜੋੜ ਦੀ ਅੰਦਰੂਨੀ ਖਿੱਚੋਤਾਣ ਦੇ ਮੁਕਾਬਲੇ ਰਾਜਗ ਦਾ ਚੋਣ ਪ੍ਰਬੰਧਨ ਬਹੁਤ ਹੱਦ ਤੱਕ ਪ੍ਰਭਾਵਸ਼ਾਲੀ ਰਿਹਾ ਅਤੇ ਪੂਰੇ ਬਿਹਾਰ ’ਚ ਵੋਟਰਾਂ ਨੇ ਮੋਦੀ-ਨਿਤੀਸ਼ ਦੀ ਜੋਡ਼ੀ ’ਤੇ ਭਰੋਸਾ ਪ੍ਰਗਟਾਇਆ। ਚੋਣ ਜੰਗ ਵਿਚ ਭਾਜਪਾ ਦੇ ਵੱਡੇ ਨੇਤਾਵਾਂ ਨੇ ਵੀ ਅਸਿੱਧੇ ਤੌਰ ’ਤੇ ਸਪੱਸ਼ਟ ਕਰ ਦਿੱਤਾ ਕਿ ਸੀ. ਐੱਮ. ਨਿਤੀਸ਼ ਹੀ ਹੋਣਗੇ। ਇਸ ਇਕਜੁੱਟਤਾ ਨਾਲ ਰਾਜਗ ’ਤੇ ਭਾਜਪਾ ਦਾ ਭਰੋਸਾ ਵਧਿਆ।

6. ਚੋਣ ਪੋਸਟਰਾਂ ’ਚ ਲਾਲੂ ਯਾਦਵ ਦੀ ਛੋਟੀ ਤਸਵੀਰ
ਤੇਜਸਵੀ ਨੇ ਲਾਲੂ ਦੀ ਵਿਰਾਸਤ ਨੂੰ ਅਪਣਾਇਆ ਪਰ ਚੋਣ ਪੋਸਟਰਾਂ ’ਚ ਉਨ੍ਹਾਂ ਦੀ ਤਸਵੀਰ ਛੋਟੀ ਕਰ ਕੇ ‘ਨਵੀਂ ਪੀੜ੍ਹੀ’ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਰਾਜਦ ਦੇ ਪੁਰਾਣੇ ਵਰਕਰਾਂ ’ਚ ਚੋਣ ਪ੍ਰਚਾਰ ਦੌਰਾਨ ਅਸੰਤੋਸ਼ ਦਿਸਿਆ। ਰਾਜਦ ਦੀ ਇਹ ਦੋਹਰੀ ਨੀਤੀ ਉਲਟੀ ਪੈ ਗਈ। ਰਾਜਗ ਨੇ ਇਸ ਨੂੰ ‘ਜੰਗਲਰਾਜ ਦੇ ਪਾਪ ਲੁਕਾਉਣ’ ਦਾ ਮੁੱਦਾ ਬਣਾ ਦਿੱਤਾ। ਇਕ ਵੱਡੀ ਆਬਾਦੀ ਇਸ ਨਾਲ ਸਹਿਮਤ ਵੀ ਹੋਈ ਅਤੇ ਆਪਣੀ ਵੋਟ ਮਹਾਗੱਠਜੋੜ ਨੂੰ ਨਾ ਦੇ ਕੇ ਰਾਜਗ ਨੂੰ ਦੇ ਦਿੱਤੀ।


author

Inder Prajapati

Content Editor

Related News