ਫੇਸਬੁੱਕ 'ਤੇ ਦੋਸਤ ਬਣਨ ਦੀ ਅਪੀਲ ਨਹੀਂ ਮੰਨਣ 'ਤੇ ਕੁੜੀ ਦਾ ਚਾਕੂ ਮਾਰ ਕਤਲ, ਮਾਂ ਜ਼ਖ਼ਮੀ

Monday, Jun 20, 2022 - 12:23 PM (IST)

ਫੇਸਬੁੱਕ 'ਤੇ ਦੋਸਤ ਬਣਨ ਦੀ ਅਪੀਲ ਨਹੀਂ ਮੰਨਣ 'ਤੇ ਕੁੜੀ ਦਾ ਚਾਕੂ ਮਾਰ ਕਤਲ, ਮਾਂ ਜ਼ਖ਼ਮੀ

ਮਥੁਰਾ (ਭਾਸ਼ਾ)- ਮਥੁਰਾ ਜ਼ਿਲ੍ਹੇ 'ਚ ਫੇਸਬੁੱਕ 'ਤੇ ਦੋਸਤ ਬਣਨ ਦੀ ਅਪੀਲ ਸਵੀਕਾਰ ਨਹੀਂ ਕਰਨ 'ਤੇ ਇਕ ਨੌਜਵਾਨ ਨੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਧੀ ਨੂੰ ਬਚਾਉਣ ਆਈ ਮਾਂ 'ਤੇ ਵੀ ਚਾਕੂ ਨਾਲ ਹਮਲਾ ਕੀਤਾ। ਇਸ ਘਟਨਾ 'ਚ ਔਰਤ ਜ਼ਖ਼ਮੀ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਇੰਸਪੈਕਟਰ ਅਜੇ ਕੌਸ਼ਲ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਜ਼ਿਲ੍ਹੇ ਦੇ ਹਾਈਵੇਅ ਥਾਣਾ ਖੇਤਰ ਦੇ ਨਗਲਾ ਬੋਹਰਾ ਪਿੰਡ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਖ਼ਿਲਾਫ਼ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨੌਜਵਾਨ ਨੇ ਫੇਸਬੁੱਕ 'ਤੇ ਦੋਸਤ ਬਣਨ ਦੀ ਅਪੀਲ ਨਹੀਂ ਮੰਨਣ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੁਲਸ ਸੁਪਰਡੈਂਟ ਮਾਤਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਹਾਈਵੇਅ ਥਾਣਾ ਖੇਤਰ ਦੇ ਪਿੰਡ ਨਗਲਾ ਬੋਹਰਾ ਵਾਸੀ ਸੇਵਾਮੁਕਤ ਫ਼ੌਜੀ ਤੇਜਵੀਰ ਸਿੰਘ ਫਰੀਦਾਬਾਦ ਦੀ ਇਕ ਫੈਕਟਰੀ 'ਚ ਸੁਰੱਖਿਆ ਕਰਮੀ ਹੈ। ਐਤਵਾਰ ਦੇਰ ਸ਼ਾਮ ਜਦੋਂ ਉਹ ਘਰ ਨਹੀਂ ਸਨ, ਉਦੋਂ ਮੁਜ਼ੱਫਨਗਰ ਦੇ ਥਾਣਾ ਮੰਡੀ ਖੇਤਰ ਦੇ ਕੁਕੜਾ ਪਿੰਡ ਦਾ ਨੌਜਵਾਨ ਰਵੀ ਉਨ੍ਹਾਂ ਦੇ ਘਰ ਵਿਆਹ ਦਾ ਕਾਰਡ ਲੈ ਕੇ ਪਹੁੰਚਿਆ ਅਤੇ ਜਿਵੇਂ ਹੀ ਉਨ੍ਹਾਂ ਦੀ ਧੀ (16) ਕਮਰੇ 'ਚ ਆਈ, ਉਸ ਨੇ ਕਾਰਡ ਦੇ ਅੰਦਰ ਲੁਕਾ ਕੇ ਲਿਆਂਦੇ ਹੋਏ ਚਾਕੂ ਨਾਲ ਉਸ 'ਤੇ ਕਈ ਵਾਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਧੀ ਦੀ ਚੀਕ ਸੁਣ ਕੇ ਉਸ ਦੀ ਮਾਂ ਸੁਨੀਤਾ ਕਮਰੇ 'ਚ ਪਹੁੰਚੀ ਤਾਂ ਰਵੀ ਨੇ ਉਸ ਦੇ ਮੋਢੇ 'ਤੇ ਲੱਕ 'ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ, ਬਾਅਦ 'ਚ ਰਵੀ ਨੇ ਖ਼ੁਦਕੁਸੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਡਿਪਟੀ ਸੁਪਰਡੈਂਟ ਧਰਮੇਂਦਰ ਚੌਹਾਨ ਨੇ ਦੱਸਿਆ ਕਿ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਮਾਂ ਨੂੰ ਸਿਟੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚੌਹਾਨ ਅਨੁਸਾਰ ਦੋਸ਼ੀ ਰਵੀ ਦਾ ਇਲਾਜ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ।


author

DIsha

Content Editor

Related News