ਮੋਬਾਇਲ ''ਤੇ ਗੇਮ ਖੇਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਵੱਡੇ ਭਰਾ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

05/26/2022 5:28:15 PM

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਖੇੜਾ ਜ਼ਿਲ੍ਹੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਨਲਾਈਨ ਗੇਮ ਖੇਡਣ ਲਈ ਮੋਬਾਇਲ ਫੋਨ ਸ਼ੇਅਰ ਕਰਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ 16 ਸਾਲਾ ਨੌਜਵਾਨ ਨੇ ਆਪਣੇ ਛੋਟੇ ਭਰਾ ‘ਤੇ ਪੱਥਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਲਾਸ਼ ਖੂਹ ‘ਚ ਸੁੱਟ ਦਿੱਤੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇੜਾ ਪੁਲਸ ਦੇ ਸਬ-ਇੰਸਪੈਕਟਰ ਐੱਸ.ਪੀ. ਪ੍ਰਜਾਪਤੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਗੋਬਲੇਜ ਪਿੰਡ 'ਚ ਵਾਪਰੀ। ਨਾਬਾਲਗ ਦੋਸ਼ੀ ਨੂੰ ਬੁੱਧਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪ੍ਰਜਾਪਤੀ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪਰਿਵਾਰ ਗੁਆਂਢੀ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਿੰਡ ਦੇ ਬਾਹਰੀ ਇਲਾਕੇ 'ਚ ਇਕ ਖੇਤ 'ਚ ਮਜ਼ਦੂਰ ਵਜੋਂ ਕੰਮ ਕਰਨ ਲਈ ਗੋਬਲੇਜ ਆਇਆ ਸੀ। ਉਸ ਨੇ ਦੱਸਿਆ,''23 ਮਈ ਨੂੰ ਜਦੋਂ ਦੋਵੇਂ ਭਰਾ ਵਾਰ-ਵਾਰ ਮੋਬਾਈਲ 'ਤੇ ਗੇਮ ਖੇਡ ਰਹੇ ਸਨ। ਉਸੇ ਦੌਰਾਨ ਦੋਸ਼ੀ ਨੇ ਆਪਣੇ 11 ਸਾਲਾ ਭਰਾ ਨਾਲ ਲੜਾਈ ਸ਼ੁਰੂ ਕਰ ਦਿੱਤੀ, ਕਿਉਂਕਿ ਉਸ ਨੇ ਆਪਣੀ ਵਾਰੀ ਆਉਣ 'ਤੇ ਮੋਬਾਇਲ ਵੱਡੇ ਭਰਾ ਨੂੰ ਦੇਣ ਤੋਂ ਮਨ੍ਹਾ ਕਰ ਦਿੱਤਾ। ਨਾਬਾਲਗ ਨੇ ਗੁੱਸੇ 'ਚ ਆ ਕੇ ਆਪਣੇ ਛੋਟੇ ਭਰਾ ਦੇ ਸਿਰ 'ਤੇ ਵੱਡੇ ਪੱਥਰ ਨਾਲ ਹਮਲਾ ਕਰ ਦਿੱਤਾ।'' 

ਇਹ ਵੀ ਪੜ੍ਹੋ : ਅੱਤਵਾਦੀ ਫੰਡਿੰਗ ਕੇਸ ’ਚ ਯਾਸੀਨ ਮਲਿਕ ਨੂੰ ਹੋਈ ਉਮਰ ਕੈਦ ਦੀ ਸਜ਼ਾ

ਉਸ ਨੇ ਦੱਸਿਆ ਕਿ ਜਦੋਂ ਉਹ (ਛੋਟਾ ਭਰਾ) ਬੇਹੋਸ਼ ਹੋ ਗਿਆ ਤਾਂ ਨਾਬਾਲਗ ਨੇ ਤਾਰ ਦੀ ਮਦਦ ਨਾਲ ਉਸ ਦੇ ਸਰੀਰ ਨੂੰ ਪੱਥਰ ਨਾਲ ਬੰਨ੍ਹਿਆ ਅਤੇ ਏਕਾਂਤ ਦੇਖ ਕੇ ਉਸ ਨੂੰ ਖੂਹ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਆਪਣੇ ਮਾਤਾ-ਪਿਤਾ ਨੂੰ ਦੱਸੇ ਬਿਨਾਂ ਦੋਸ਼ੀ ਨਾਬਾਲਗ ਇਕ ਬੱਸ 'ਚ ਸਵਾਰ ਹੋ ਗਿਆ ਅਤੇ ਰਾਜਸਥਾਨ ਆਪਣੇ ਘਰ ਚਲਾ ਗਿਆ। ਅਧਿਕਾਰੀ ਨੇ ਦੱਸਿਆ,''ਜਦੋਂ ਦੇਰ ਸ਼ਾਮ ਤੱਕ ਮਾਤਾ-ਪਿਤਾ ਨੂੰ ਦੋਵੇਂ ਪੁੱਤਰ ਘਰ ਨਹੀਂ ਮਿਲੇ ਤਾਂ ਉਨ੍ਹਾਂ ਨੇ ਆਪਣੇ ਗ੍ਰਹਿ ਨਗਰ 'ਚ ਪੁੱਛ-ਗਿੱਛ ਕੀਤੀ ਅਤੇ ਆਪਣੇ ਵੱਡੇ ਬੇਟੇ ਦੇ ਟਿਕਾਣੇ ਬਾਰੇ ਪਤਾ ਲਗਾਇਆ। ਜਦੋਂ ਉਹ ਉਸ ਨੂੰ ਵਾਪਸ ਲਿਆਏ ਅਤੇ ਛੋਟੇ ਭਰਾ ਬਾਰੇ ਪੁੱਛਿਆ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਦੱਸਿਆ ਕਿ ਝਗੜੇ ਤੋਂ ਬਾਅਦ ਉਸ ਨੇ ਭਰਾ ਦਾ ਕਤਲ ਕਰ ਦਿੱਤਾ ਸੀ।'' ਪ੍ਰਜਾਪਤੀ ਨੇ ਦੱਸਿਆ ਕਿ ਬੁੱਧਵਾਰ ਨੂੰ ਪਰਿਵਾਰ ਤੋਂ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਖੂਹ 'ਚੋਂ ਬਾਹਰ ਕੱਢੀ। ਪੁਲਸ ਨੇ ਨਾਬਾਲਗ ਦੋਸ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News