ਲੋਕਲ ਟਰੇਨ ''ਚ ਸੀਟ ਨੂੰ ਲੈ ਕੇ ਹੋਇਆ ਝਗੜਾ, 16 ਸਾਲਾ ਮੁੰਡੇ ਨੇ ਸ਼ਖ਼ਸ ਦਾ ਕੀਤਾ ਕ.ਤਲ

Friday, Nov 22, 2024 - 03:41 PM (IST)

ਮੁੰਬਈ- ਮੁੰਬਈ 'ਚ ਲੋਕਲ ਟਰੇਨ 'ਚ ਸੀਟ ਨੂੰ ਲੈ ਕੇ ਝਗੜੇ ਮਗਰੋਂ 16 ਸਾਲ ਮੁੰਡੇ ਨੇ ਰੇਲਵੇ ਸਟੇਸ਼ਨ 'ਤੇ ਇਕ 35 ਸਾਲਾ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਕੁਰਲਾ ਰੇਲਵੇ ਪੁਲਸ ਨੇ ਬੁੱਧਵਾਰ ਨੂੰ ਮੁੰਡੇ ਨੂੰ ਹਿਰਾਸਤ 'ਚ ਲੈ ਲਿਆ ਅਤੇ ਹਮਲੇ ਦੇ ਸਬੰਧ 'ਚ ਉਸ ਦੇ ਵੱਡੇ ਭਰਾ ਨੂੰ ਗ੍ਰਿਫ਼ਤਾਰ ਕੀਤਾ। ਹਮਲੇ ਦੀ ਇਹ ਘਟਨਾ 15 ਨਵੰਬਰ ਨੂੰ ਮੱਧ ਰੇਲਵੇ ਦੇ ਘਾਟਕੋਪਰ ਸਟੇਸ਼ਨ 'ਤੇ ਹੋਈ ਵਾਪਰੀ।

ਪੁਲਸ ਮੁਤਾਬਕ ਪੀੜਤ ਅੰਕੁਸ਼ ਭਗਵਾਨ ਭਾਲੇਰਾਵ 14 ਨਵੰਬਰ ਨੂੰ ਟਿਟਵਾਲਾ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਜਾਣ ਵਾਲੀ ਫਾਸਟ ਟਰੇਨ ਵਿਚ ਚੜ੍ਹੇ ਸਨ। ਯਾਤਰਾ ਦੌਰਾਨ ਸੀਟ ਨੂੰ ਲੈ ਕੇ ਅੰਕੁਸ਼ ਅਤੇ ਨਾਬਾਲਗ ਮੁੰਡੇ ਵਿਚਾਲੇ ਜ਼ਬਰਦਸਤ ਬਹਿਸ ਹੋਈ ਅਤੇ ਅੰਕੁਸ਼ ਨੇ ਮੁੰਡੇ ਨੂੰ ਥੱਪੜ ਮਾਰ ਦਿੱਤਾ। ਅੰਕੁਸ਼ ਅਗਲੀ ਸਵੇਰੇ ਘਾਟਕੋਪਰ ਲਈ ਇਹ ਹੀ ਟਰੇਨ ਫੜਨ ਵਾਲੇ ਸਨ ਅਤੇ ਉਹ ਪਲੇਟਫਾਰਮ ਨੰਬਰ-4 'ਤੇ ਟਹਿਲ ਰਹੇ ਸਨ ਤਾਂ ਮੁੰਡੇ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਅਧਿਕਾਰੀ ਨੇ ਦੱਸਿਆ ਕਿ ਸਟੇਸ਼ਨ 'ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਪੁਲਸ ਨੇ ਨਾਬਾਲਗ ਮੁੰਡੇ ਨੂੰ ਹਿਰਾਸਤ ਵਿਚ ਲਿਆ ਅਤੇ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਸਬੂਤ ਲੁਕਾਉਣ ਵਿਚ ਉਸ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਾਬਾਲਗ ਨੇ ਕਤਲ ਦੀ ਗੱਲ ਕਬੂਲ ਕਰ ਲਈ ਅਤੇ ਦੱਸਿਆ ਕਿ ਉਸ ਨੇ ਚਾਕੂ ਆਪਣੇ ਘਰ ਦੀ ਛੱਤ 'ਤੇ ਲੁਕਾ ਕੇ ਰੱਖਿਆ ਸੀ ਅਤੇ ਪਛਾਣੇ ਜਾਣ ਤੋਂ ਬਚਣ ਲਈ ਆਪਣੇ ਵਾਲ ਵੀ ਕਟਵਾ ਲਏ ਸਨ। ਉਨ੍ਹਾਂ ਨੇ ਦੱਸਿਆ ਕਿ ਮੁੰਡੇ ਨੂੰ ਬਾਲ ਸੁਧਾਰ ਕੇਂਦਰ ਭੇਜ ਦਿੱਤਾ ਗਿਆ ਹੈ।


Tanu

Content Editor

Related News