ਕੁਆਰੰਟੀਨ ਸੈਂਟਰ ਤੋਂ ਅਧਿਆਪਕ ਨੇ ਬੱਚਿਆਂ ਨੂੰ ਆਨਲਾਈਨ ਪੜ੍ਹਾਇਆ, ਕਿਹਾ- ਇਹ ਮੇਰਾ ਜਨੂੰਨ
Tuesday, May 12, 2020 - 06:00 PM (IST)

ਲੇਹ (ਭਾਸ਼ਾ)— ਲੱਦਾਖ 'ਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਕੁਆਰੰਟੀਨ ਸੈਂਟਰ ਤੋਂ ਆਨਲਾਈਨ ਜਮਾਤ ਲੈਣ ਅਤੇ ਯੂ-ਟਿਊਬ ਵੀਡੀਓ ਬਣਾ ਕੇ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਲੇਹ ਜ਼ਿਲੇ ਦੇ ਇਕ ਕੁਆਰੰਟੀਨ ਸੈਂਟਰ ਵਿਚ ਭਰਤੀ ਅਧਿਆਪਕ ਕਿਫਾਯਤ ਹੁਸੈਨ ਇੰਟਰਨੈੱਟ ਦਾ ਇਸਤੇਮਾਲ ਕਰ ਕੇ ਆਨਲਾਈਨ ਜਮਾਤ ਲੈ ਰਹੇ ਹਨ ਅਤੇ ਯੂ-ਟਿਊਬ ਵੀਡੀਓ ਬਣਾ ਰਹੇ ਹਨ, ਤਾਂ ਕਿ ਬੱਚਿਆਂ ਨੂੰ ਗਣਿਤ ਦਾ ਸੂਤਰ ਅਤੇ ਬੀਜ ਗਣਿਤ ਸਮਝ ਆ ਸਕੇ। ਅਧਿਆਪਕ ਨੇ ਦੱਸਿਆ ਕਿ ਉਹ ਮਿਲਿਆ-ਜੁਲਿਆ ਕੰਮ ਕਰ ਰਹੇ ਹਨ। ਉਹ ਆਨਲਾਈਨ ਜਮਾਤ ਵੀ ਲੈ ਰਹੇ ਹਨ ਅਤੇ ਇਸ ਤੋਂ ਪਹਿਲਾਂ ਰਿਕਾਰਡ ਵੀਡੀਓ ਵੀ ਪਾ ਰਹੇ ਹਨ, ਕਿਉਂਕਿ ਹਸਪਤਾਲ 'ਚ ਇੰਟਰਨੈੱਟ ਦੀ ਸਮੱਸਿਆ ਰਹਿੰਦੀ ਹੈ।
ਹੁਸੈਨ ਨੇ ਕਿਹਾ ਕਿ ਪੜ੍ਹਾਉਣਾ ਸਿਰਫ ਮੇਰੀ ਨੌਕਰੀ ਨਹੀਂ ਹੈ ਸਗੋਂ ਇਹ ਮੇਰਾ ਜਨੂੰਨ ਹੈ। ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਪਿੱਛੇ ਨਾ ਰਹਿ ਜਾਣ। ਜੇਕਰ ਭਵਿੱਖ 'ਚ ਮੈਂ ਪਾਠਕ੍ਰਮ ਪੂਰਾ ਕਰਨ ਲਈ ਛੇਤੀ-ਛੇਤੀ ਪੜ੍ਹਾਇਆ ਤਾਂ ਉਨ੍ਹਾਂ 'ਤੇ ਇਹ ਬੋਝ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਸਿਖਾਉਣ ਲਈ ਉੱਚਿਤ ਤਾਕਤ ਹੈ, ਇਸ ਲਈ ਮੈਂ ਸੋਚਿਆ ਕਿ ਮੈਨੂੰ ਇਸ ਨੂੰ ਅਜਮਾਉਣਾ ਚਾਹੀਦਾ ਹੈ। ਹੁਸੈਨ ਨੇ ਕਿਹਾ ਕਿ ਕੁਝ ਲੋਕਾਂ 'ਚ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਦੇ ਪਿੰਡ ਨੂੰ ਵਰਜਿਤ ਖੇਤਰ ਐਲਾਨ ਕਰ ਦਿੱਤਾ ਗਿਆ ਹੈ।