ਸਰਕਾਰੀ ਸਕੂਲ ਦੀ ਕਲਾਸ ''ਚ ਅਧਿਆਪਕ ਨੇ ਭਰ ਦਿੱਤਾ ਚਾਰਾ, ਇੰਝ ਹੋਇਆ ਮਾਮਲੇ ਦਾ ਖ਼ੁਲਾਸਾ
Saturday, Jun 24, 2023 - 02:22 PM (IST)
ਝੱਜਰ- ਹਰਿਆਣਾ 'ਚ ਝੱਜਰ ਦੇ ਪਿੰਡ ਵਾਜਿਤਪੁਰ 'ਚ ਇਕ ਅਧਿਆਪਕ ਵਲੋਂ ਆਪਣੇ ਘਰੇਲੂ ਕੰਮ ਲਈ ਹੀ ਸਰਕਾਰੀ ਸਕੂਲ ਦਾ ਇਸਤੇਮਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਟਾਫ਼ ਦੇ ਇਕ ਮੈਂਬਰ ਨੇ ਆਪਣੇ ਘਰ 'ਚ ਪਾਲੀ ਹੋਈ ਮੱਝ ਲਈ ਸਕੂਲ ਦੇ ਕਮਰੇ 'ਚ ਪਸ਼ੂਆਂ ਦਾ ਚਾਰਾ ਰੱਖ ਦਿੱਤਾ। ਮਾਮਲੇ ਦਾ ਖ਼ੁਲਾਸਾ ਉਸ ਦੌਰਾਨ ਹੋਇਆ ਜਦੋਂ ਪੰਚਾਇਤ ਚੋਣ ਦੀ ਡਿਊਟੀ ਦੌਰਾਨ ਇਕ ਟੀਮ ਸਰਕਾਰੀ ਸਕੂਲ 'ਚ ਪਹੁਚੀ ਤਾਂ ਉੱਥੇ ਇਕ ਕਮਰੇ 'ਤੇ ਤਾਲਾ ਲੱਗ ਹੋਇਆ ਦੇਖਿਆ। ਅੰਦਰ ਝਾਂਕ ਕੇ ਦੇਖਿਆ ਤਾਂ ਖ਼ੁਲਾਸਾ ਹੋਇਆ ਕਿ ਸਰਕਾਰੀ ਸਕੂਲ ਦੇ ਕਮਰੇ ਦੀ ਵਰਤੋਂ ਇਕ ਅਧਿਆਪਕ ਨੇ ਆਪਣੇ ਹੀ ਘਰ 'ਚ ਪਾਲੀ ਮੱਝ ਦੇ ਚਾਰੇ ਲਈ ਕੀਤੀ ਹੈ। ਉਸ 'ਚ ਉਸ ਨੇ ਕਈ ਕੁਇੰਟਲ ਤੂੜੀ ਭਰ ਰੱਖੀ ਹੈ। ਕਮਰੇ ਦੀ ਚਾਬੀ ਵੀ ਮੁਲਜ਼ਮ ਅਧਿਆਪਕ ਕੋਲ ਹੀ ਹੈ। ਬਾਅਦ 'ਚ ਇਸੇ ਟੀਮ ਨੇ ਪੂਰੇ ਮਾਮਲੇ ਦੀ ਸੂਚੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।
ਸਿੱਖਿਆ ਵਿਭਾਗ ਦੇ ਡੀ.ਈ.ਓ. ਸੁਭਾਸ਼ ਭਾਰਦਵਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੋਟਿਸ 'ਚ ਮਾਮਲਾ ਆਇਆ ਹੈ। ਪਤਾ ਲੱਗਾ ਹੈ ਕਿ ਸਕੂਲ ਦੇ ਇਕ ਅਧਿਆਪਕ ਨੇ ਸਕੂਲ ਦੇ ਕਮਰੇ 'ਚ ਆਪਣੇ ਪਸ਼ੂਆਂ ਲਈ ਚਾਰਾ ਰੱਖਿਆ ਹੈ। ਅਜਿਹਾ ਲੰਮੇਂ ਸਮੇਂ ਤੋਂ ਹੋ ਰਿਹਾ ਹੈ। ਪੰਚਾਇਤ ਜ਼ਿਮਨੀ ਚੋਣ ਦੀ ਡਿਊਟੀ ਦੌਰਾਨ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਇਸ ਮਾਮਲੇ 'ਚ ਦੋਸ਼ੀ ਹੈ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।