ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਵਿਖਾਈ ਅਸ਼ਲੀਲ ਵੀਡੀਓ, ਲੋਕਾਂ ਨੇ ਸਕੂਲ ਫੂਕਿਆ
Monday, Aug 19, 2024 - 12:19 AM (IST)
ਗੁਹਾਟੀ- ਆਸਾਮ ਦੇ ਕਰੀਮਗੰਜ ਜ਼ਿਲੇ ’ਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ’ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਪ੍ਰਿੰਸੀਪਲ ਨੇ ਨਾਬਾਲਗ ਵਿਦਿਆਰਥਣ ਨੂੰ ਅਸ਼ਲੀਲ ਵੀਡੀਓ ਦੇਖਣ ਲਈ ਮਜਬੂਰ ਕੀਤਾ।
ਕਰੀਮਗੰਜ ਦੇ ਐੱਸ. ਪੀ. ਪਾਰਥ ਪ੍ਰਤਿਮ ਦਾਸ ਨੇ ਦੱਸਿਆ ਕਿ ਘਟਨਾ 12 ਅਗਸਤ ਦੀ ਹੈ। ਪੀਡ਼ਤ ਵਿਦਿਆਰਥਣ ਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਜਦੋਂ ਇਹ ਗੱਲ ਪ੍ਰਿੰਸੀਪਲ ਨੂੰ ਪਤਾ ਲੱਗੀ ਤਾਂ ਉਸ ਨੇ ਆਪਣੇ ਪੱਧਰ ’ਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।
ਐੱਸ. ਪੀ. ਨੇ ਕਿਹਾ ਕਿ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ’ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਮੌਕੇ ਤੋਂ ਦੌੜ ਗਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਸਕੂਲ ’ਚ ਭੰਨ-ਤੋੜ ਕੀਤੀ ਅਤੇ ਅੱਗ ਲਾ ਦਿੱਤੀ।
ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਪ੍ਰਿੰਸੀਪਲ ਵਿਦਿਆਰਥਣ ਨੂੰ ਕਈ ਦਿਨਾਂ ਤੋਂ ਅਸ਼ਲੀਲ ਵੀਡੀਓ ਵਿਖਾ ਰਿਹਾ ਸੀ। ਘਰ ਆ ਕੇ ਉਸ ਨੇ ਇਸ ਦਾ ਜ਼ਿਕਰ ਆਪਣੀ ਮਾਂ ਨਾਲ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਪ੍ਰਿੰਸੀਪਲ ਉਸ ਨੂੰ ਅਸ਼ਲੀਲ ਵੀਡੀਓ ਦੇਖਣ ਲਈ ਮਜਬੂਰ ਕਰਦਾ ਸੀ ਅਤੇ ਗਲਤ ਤਰੀਕੇ ਨਾਲ ਛੂੰਹਦਾ ਵੀ ਸੀ।