ਚਾਹ ਵੇਚਣ ਵਾਲੇ ਦੀ ਬੇਟੀ ਨੂੰ ਅਮਰੀਕੀ ਕਾਲਜ ''ਚ ਮਿਲੀ 3.8 ਕਰੋੜ ਦੀ ਸਕਾਲਰਸ਼ਿਪ
Monday, Jun 18, 2018 - 08:31 PM (IST)

ਬੁਲੰਦਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਸੁਦੀਕਸ਼ਾ ਭਾਟੀ ਬੇਹੱਦ ਗਰੀਬ ਪਰਿਵਾਰ ਦੀ ਲੜਕੀ ਹੈ ਪਰ ਉਸ ਦੀ ਯੋਗਤਾ ਨੇ ਉਸ ਨੂੰ ਉਸ ਦੇ ਸੁਪਨੇ ਪੂਰੇ ਕਰਨ ਦਾ ਮੌਕਾ ਦੇ ਹੀ ਦਿੱਤਾ। ਸੁਦੀਕਸ਼ਾ ਨੂੰ ਅਮਰੀਕਾ ਦੇ ਬਾਬਸਨ ਕਾਲਜ 'ਚ 100 ਫੀਸਦੀ ਸਕਾਲਰਸ਼ਿਪ ਮਿਲੀ ਹੈ। ਅਮਰੀਕੀ ਕਾਲਜ ਨੇ ਉਸ ਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕਿਆ ਹੈ ਤੇ ਉਸ ਨੂੰ 3.8 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਹੈ। ਇਸ ਸਕਾਲਰਸ਼ਿਪ ਦੀ ਮਦਦ ਨਾਲ ਬੇਹੱਦ ਗਰੀਬ ਪਰਿਵਾਰ ਦੀ ਬੱਚੀ ਅਮਰੀਕਾ 'ਚ ਪੜ੍ਹਾਈ ਕਰ ਆਪਣੇ ਸੁਪਣੇ ਨੂੰ ਪੂਰਾ ਕਰੇਗੀ।
ਬੁਲੰਦਸ਼ਹਿਰ ਦੀ ਰਹਿਣ ਵਾਲੀ ਸੁਦੀਕਸ਼ਾ ਦੇ ਪਿਤਾ ਚਾਹ ਦੀ ਦੁਕਾਨ ਚਲਾਉਂਦੇ ਹਨ ਤੇ ਕਿਸੇ ਤਰ੍ਹਾਂ ਨਾਲ ਆਪਣੇ ਪਰਿਵਾਰ ਦਾ ਖਰਚਾ ਚੁੱਕ ਰਹੇ ਹਨ ਪਰ ਉਨ੍ਹਾਂ ਨੇ ਬੇਟੀ ਦੀ ਪੜ੍ਹਾਈ 'ਚ ਕੋਈ ਕਸਰ ਨਹੀਂ ਛੱਡੀ। ਸੀ.ਬੀ.ਐਸ.ਈ. ਦੀ 12ਵੀਂ 'ਚ 98 ਫੀਸਦੀ ਅੰਕ ਲਿਆ ਕੇ ਸੁਦੀਕਸ਼ਾ ਨੇ ਜ਼ਿਲੇ 'ਚ ਟਾਪ ਕੀਤਾ। ਹਾਲਾਂਕਿ ਉਸ ਦਾ ਇਹ ਸਫਰ ਆਸਾਨ ਨਹੀਂ ਸੀ। 12ਵੀਂ 'ਚੋਂ ਪਹਿਲੇ ਸਥਾਨ 'ਤੇ ਆਉਣ ਤੋਂ ਬਾਅਦ ਹੁਣ ਉਸ ਨੂੰ ਅਮਰੀਕੀ ਕਾਲਜ 'ਚ 100 ਫੀਸਦੀ ਸਕਾਲਰਸ਼ਿਪ ਮਿਲੀ ਹੈ।
ਆਪਣੀ ਇਸ ਉਪਲਬੱਧੀ 'ਤੇ ਸੁਦੀਕਸ਼ਾ ਦਾ ਕਹਿਣਾ ਹੈ ਉਸ ਦੇ ਮਾਤਾ-ਪਿਤਾ ਨੇ ਬਹੁਤ ਮੁਸ਼ਕਲਾਂ ਸਹਿ ਕੇ ਉਸ ਨੂੰ ਪੜ੍ਹਾਇਆ ਹੈ। ਹੁਣ ਅਮਰੀਕਾ 'ਚ ਪੜ੍ਹਾਈ ਕਰਕੇ ਉਹ ਇਕ ਸਫਲ ਇਨਸਾਨ ਬਣਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕੀ ਕਾਲਜ 'ਚ ਪੜਾਈ ਕਰਕੇ ਉਸ ਨੂੰ ਆਪਣੀ ਯੋਗਤਾ ਦਾ ਸਹੀ ਇਸਤੇਮਾਲ ਕਰਨ ਦਾ ਮੌਕਾ ਮਿਲੇਗਾ। ਉਹ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।